November 15, 2015 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਅੱਜ ਬਠਿੰਡਾ ਵਿਖੇ ਸਿੱਖ ਪ੍ਰਚਾਰਕਾਂ ਦੀ ਇੱਕ ਮੀਟਿੰਗ ਹੋਈ।ਜਿਸ ਵਿੱਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਅਤੇ ਬਾਬਾ ਦਲੇਰ ਸਿੰਘ ਖੇੜੀ ਵਾਲੇ ਪੁਲਿਸ ਵੱਲੋਂ ਨਜਰਬੰਦ ਕੀਤੇ ਜਾਣ ਕਾਰਨ ਸ਼ਾਮਿਲ ਨਹੀਂ ਹੋ ਸਕੇ।ਮੀਟਿੰਗ ਵਿੱਚ ਮੁੱਖ ਤੌਰ ਤੇ 25 ਅਕਤੂਬਰ ਨੂੰ ਬਰਗਾੜੀ ਵਿਖੇ ਸ਼ਹੀਦਾਂ ਦੇ ਭੋਗ ਸਮੇਂ ਐਲਾਨ ਕੀਤੇ ਪ੍ਰੋਗਰਾਮ ਬਾਰੇ ਵੀਚਾਰਾਂ ਕੀਤੀਆਂ ਗਈਆਂ।
ਬਰਗਾੜੀ ਵਿੱਚ ਹੋਏ ਇਕੱਠ ਵਿੱਚ ਮੁੱਖ ਤੌਰ ’ਤੇ ਤਿੰਨ ਮੰਗਾਂ (1) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ (2) ਪੰਜਾਬ ਪੁਲਿਸ ਵੱਲੋਂ ਗਲਤ ਤੌਰ ’ਤੇ ਫੜੇ ਗਏ ਸਿੱਖ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ (3) ਪਿੰਡ ਬਹਿਬਲ ਵਿਖੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ਮੁਲਾਜ਼ਮਾਂ ’ਤੇ ਬਾਈ ਨੇਮ ਧਾਰਾ 302 ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਲਈ ਪੰਜਾਬ ਸਰਕਾਰ ਨੂੰ 15 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਉਪਰੰਤ ਮਤਾ ਨੰ: 9 ਮੁਤਾਬਿਕ ਮੰਤਰੀਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਸੀ। ਪੰਜਾਬ ਸਰਕਾਰ ਵੱਲੋਂ ਬੁਖਲਾਹਟ ਵਿੱਚ ਆ ਕੇ ਸਿੱਖ ਪ੍ਰਚਾਰਕਾਂ ਦੀ ਘਰ ਵਿੱਚ ਨਜ਼ਰਬੰਦੀ/ਗ੍ਰਿਫਤਾਰੀ ਦਾ ਸਖਤ ਨੋਟਿਸ ਲੈਂਦੇ ਹੋਏ ਮੀਟਿੰਗ ਵਿੱਚ ਸ਼ਾਮਲ ਪ੍ਰਚਾਰਕਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਦਮਨਕਾਰੀ ਨੀਤੀ ਨਾ ਬਦਲੀ ਗਈ ਤਾਂ ਉਸ ਨੂੰ ਸੰਗਤਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।
ਪ੍ਰਚਾਰਕਾਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਵਿੱਚੋਂ ਮੰਗ ਨੰਬਰ (1) ਭਾਵ ਬੇਅਦਬੀ ਵਾਲਾ ਮਾਮਲਾ ਅਜੇ ਹੱਲ ਨਹੀਂ ਹੋਇਆ। (2) ਨਜਾਇਜ਼ ਤੌਰ ’ਤੇ ਫੜੇ ਗਏ ਭਾਈ ਰੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਬੇਕਸੂਰ ਦੱਸ ਕੇ ਛੱਡ ਦਿੱਤਾ ਹੈ। ਤੀਸਰੀ ਮੰਗ ਸਬੰਧੀ ਪੁਲਿਸ ਵੱਲੋਂ ਐੱਫ ਆਈ ਆਰ ਨੰ: 130 ਮਿਤੀ 21.10.2015 ਜਿਹੜੀ ਕਿ ਪਹਿਲਾਂ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਨਤਕ ਕਰਨ ਤੋਂ ਰੋਕੀ ਗਈ ਸੀ; ਉਸ ਦੀ ਕਾਪੀ ਮਿਲ ਗਈ ਹੈ; ਜਿਸ ਵਿੱਚ ਚਰਨਜੀਤ ਸ਼ਰਮਾ ਮੁਕਾਮੀ ਐੱਸਐੱਸਪੀ ਮੋਗਾ ਅਤੇ ਉਸ ਦੀ ਪੁਲਿਸ ਪਾਰਟੀ ਤਾਇਨਾਤ ਹੋਣੀ ਦੱਸ ਕੇ ਅਤੇ ਪੋਸਟ ਮਾਰਟਮ ਰੀਪੋਰਟ ਵਿੱਚ ਗੋਲੀ ਚੱਲੀ ਹੋਣ ਦੀ ਪੁਸ਼ਟੀ ਹੋਣ ਕਰਕੇ ਨਾਮਲੂਮ ਵਿਅਕਤੀਆਂ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕੀਤਾ ਹੋਇਆ ਹੈ।
ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਐੱਫ ਆਈ ਆਰ ਨੰ: 130 ਮਿਤੀ 21.10.2015 ’ਤੇ ਕਾਨੂੰਨੀ ਕਾਰਵਾਈ ਕਰਕੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਚਰਨਜੀਤ ਸ਼ਰਮਾ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਪਰ ਅਗਲੀ ਰਣਨੀਤੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਦੀ ਘੇਰਾਬੰਦੀ ਖਤਮ ਕਰਨ ਉਪ੍ਰੰਤ ਸੰਘਰਸ਼ ਵਿੱਚ ਸ਼ਾਮਲ ਸਾਰੇ ਪ੍ਰਚਾਰਕਾਂ ਦੀ ਸਾਂਝੀ ਮੀਟਿੰਗ ਵਿੱਚ ਹੀ ਕੀਤਾ ਜਾਵੇਗਾ।ਇਸ ਤਰ੍ਹਾਂ ਜੋ ਪ੍ਰੋਗਰਾਮ 15 ਨਵੰਬਰ ਤੋਂ ਘਿਰਾਓ ਦਾ ਮਿਥਿਆ ਗਿਆ ਸੀ ਉਹ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਮੁਸ਼ਕਿਲਾਂ ਵਿੱਚ ਘਿਰੀ ਪੰਜਾਬ ਸਰਕਾਰ ਨੂੰ ਕੁਝ ਰਾਹਤ ਜਰੂਰ ਮਿਲਣ ਦੀ ਆਸ ਹੈ।
ਅੱਜ ਦੀ ਮੀਟਿੰਗ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਭਾਈ ਪੰਥਪ੍ਰੀਤ ਸਿੰਘ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਨਿਰਮਲ ਸਿੰਘ ਧੂੜਕੋਟ ਅਤੇ ਦਸਤਾਰ ਸੰਭਾਲ ਜਥੇਬੰਦੀ ਦੇ ਭਾਈ ਪਰਗਟ ਸਿੰਘ ਭੋਡੀਪੁਰਾ ਆਦਿਕ ਸ਼ਾਮਲ ਸਨ।
ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੁਲਿਸ ਵਲੋਂ ਦਰਜ ਕੀਤੀ ਗਈ ਐੱਫ ਆਈ ਆਰ ਨੰ: 130 ਮਿਤੀ 21.10.2015 ’ ਨੂੰ ਤੁਸੀਂ ਹੇਠ ਪੜ੍ਹ ਸਕਦੇ ਹੋ:
Related Topics: Bhai Panthpreet Singh Khalsa, Bhai Ranjit Singh Dhadrianwale, Giani Kewal Singh, Jathedar Balwant Singh Nandgarh, Punjab Government