ਸਿੱਖ ਖਬਰਾਂ

ਸਿੱਖ ਸੰਗਤਾਂ ਉਤੇ ਲਾਠੀਚਾਰਜ ਡੇਰਾ ਸਿਰਸਾ ਦੀ ਮਾਫੀ ਦੇ ਮੁੱਦੇ ਤੋਂ ਧਿਆਨ ਲਾਂਭੇ ਕਰਨ ਦੀ ਚਾਲ: ਦਲ ਖ਼ਾਲਸਾ,ਪੰਚ ਪ੍ਰਧਾਨੀ

October 13, 2015 | By

ਅੰਮ੍ਰਿਤਸਰ (13 ਅਕਤੂਬਰ ,2015): ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਮਗਰੋਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਿਖ ਸੰਗਤਾਂ ਉਤੇ ਕੀਤੇ ਗਏ ਲਾਠੀਚਾਰਜ ਲਈ ਬਾਦਲ ਸਰਕਾਰ ਉਤੇ ਵਰ੍ਹਦਿਆਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਕਿਹਾ ਹੈ ਕਿ ਇਹ ਕਾਂਡ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿਵਾਉਣ ਮਗਰੋਂ ਜਥੇਦਾਰਾਂ ਤੇ ਬਾਦਲ ਦਲ ਦੀ ਹੋ ਰਹੀ ਸਖਤ ਅਲੋਚਨਾ ਤੋਂ ਧਿਆਨ ਲਾਂਭੇ ਕਰਨ ਲਈ ਕਰਵਾਇਆ ਗਿਆ ਹੈ।

ਦਲ ਖਾਲਸਾ ਅਤੇ ਪੰਚ ਪ੍ਰਧਾਨੀ ਦੇ ਆਗੂ

ਦਲ ਖਾਲਸਾ ਅਤੇ ਪੰਚ ਪ੍ਰਧਾਨੀ ਦੇ ਆਗੂ

ਦਲ ਖਾਲਸਾ ਦੇ ਮੁਖੀ ਸ.ਹਰਚਰਨਜੀਤ ਸਿੰਘ ਧਾਮੀ ਤੇ ਸ਼ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਸ.ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਬਰਗਾੜੀ ਪਿੰਡ ਵਿਚੋਂ ਜੂਨ ਮਹੀਨੇ ਵਿਚ ਗੁਰੂ ਗਰੰਥ ਸਾਹਿਬ ਚੋਰੀ ਹੋਏ ਸਰੂਪ ਲੱਭਣ ਵਿਚ ਨਾਕਾਮ ਰਹੀ ਪੁਲੀਸ ਨੇ ਉਨਾਂ ਧਮਕੀ ਪੱਤਰਾਂ ਮਗਰੋਂ ਵੀ ਕੱਖ ਨਹੀ ਕੀਤਾ ਜਿੰਨਾਂ ਵਿਚ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਨ ਦੀ ਚੁਣੌਤੀ ਦਿਤੀ ਗਈ ਸੀ।ਉਨਾਂ ਕਿਹਾ ਕਿ ਜਦ ਗੁਰੂ ਗਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰ ਦਿਤੀ ਗਈ ਤਾਂ ਪੁਲੀਸ ਨੇ ਦੋਸ਼ੀਆਂ ਨੂੰ ਫੜਨ ਦੀ ਥਾਂ ਸ਼ਾਂਤਮਈ ਰੋਸ ਕਰਦਿਆਂ ਸਿਖ ਆਗੂਆਂ ਤੇ ਸੰਗਤਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿਤਾ।

ਉਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਪਤਾ ਸੀ ਕਿ ਸਿਖ ਸੰਗਤ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਹਾਰ ਨਹੀ ਸਕਦੀ ਤੇ ਸੰਗਤ ਨੂੰ ਆਪਣਾ ਰੋਸ ਜ਼ਾਹਿਰ ਕਰਨ ਦਾ ਪੂਰਾ ਹੱਕ ਹੈ ਪਰ ਇਸਦੇ ਬਾਵਜੂਦ ਮਾਲਵੇ ਦੇ ਵੱਖ ਵੱਖ ਸ਼ਹਿਰਾਂ,ਪਿੰਡਾਂ ਤੇ ਕਸਬਿਆਂ ਵਿਚ ਪੁਲੀਸ ਨੇ ਸੰਗਤ ਉਤੇ ਲਾਠੀਚਾਰਜ ਕੀਤਾ ।

ਉਨਾਂ ਕਿਹਾ ਕਿ ਪੁਲੀਸ ਨੇ ਬਜੁਰਗਾਂ,ਬੱਚਿਆਂ,ਬੀਬੀਆਂ ਕਿਸੇ ਨੂੰ ਨਹੀ ਬਖਸ਼ਿਆ।ਉਨਾਂ ਕਿਹਾ ਕਿ ਜਿਵੇਂ 2007 ਵਿਚ ਡੇਰਾ ਸਿਰਸਾ ਦੇ ਸਮਰਥਕਾਂ ਨੇ ਸਿਖਾਂ ਉਤੇ ਕਹਿਰ ਢਾਹਿਆ ਸੀ,ਹੁਣ ਉਹੀ ਸਭ ਕੁਝ ਬਾਦਲ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲੀਸ ਨੇ ਕੀਤਾ ਹੈ।

ਉਨਾਂ ਕਿਹਾ ਕਿ ਡੇਰਾ ਸਿਰਸਾ ਦੇ ਸਮਰਥਕਾਂ ਨੇ ਜਦ ਇਸ ਇਲਾਕੇ ਵਿਚ ਬੰਦ ਕੀਤਾ ਸੀ ਤਾਂ ਬਾਦਲ ਸਰਕਾਰ ਨੇ ਉਨਾਂ ਦਾ ਹਰ ਤਰਾਂ ਸਾਥ ਦਿਤਾ ਅਤੇ ਅੱਜ ਜਦ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਿਰੁਧ ਸਿੱਖ ਸੰਗਤ ਨੇ ਰੋਸ ਪ੍ਰਗਟ ਕਰਨਾ ਚਾਹਿਆ ਤਾਂ ਬਾਦਲ ਸਰਕਾਰ ਨੇ ਸ਼ਰੇਆਮ ਸਿਖਾਂ ਉਤੇ ਤਸ਼ੱਦਦ ਕੀਤਾ।

ਉਨਾਂ ਕਿਹਾ ਕਿ ਬਾਦਲ ਸਰਕਾਰ ਸਿਖ ਕੌਮ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਗੁਰੂ ਗਰੰਥ ਸਾਹਿਬ ਦੇ ਹਰ ਸਰਧਾਲੂ ਨੂੰ ਦਰੜਿਆ ਜਾਵੇਗਾ ਅਤੇ ਡੇਰਾ ਸਿਰਸਾ ਦੇ ਹਰ ਸਮਰਥਕ ਨੂੰ ਸਤਿਕਾਰਿਆ ਜਾਵੇਗਾ।ਉਨਾਂ ਕਿਹਾ ਕਿ ਬਾਦਲ ਸਰਕਾਰ ਨੰਗੀ-ਚਿਟੀ ਸਿਖ ਧਰਮ ਵਿਰੁਧ ਡਟ ਗਈ ਹੈ।

ਉਨਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾ ਮਾਫੀ ਮੰਗਿਆਂ ਤੇ ਪੇਸ਼ ਹੋਇਆਂ ਮਾਫ ਕਰਨ ਮਗਰੋਂ ਜਥੇਦਾਰਾਂ ਅਤੇ ਬਾਦਲਕਿਆਂ ਦਾ ਸਿਖ ਕੌਮ ਨੇ ਜੋ ਡਟਵਾਂ ਵਿਰੋਧ ਕੀਤਾ ਹੈ,ਉਸ ਤੋਂ ਇਹ ਲੋਕ ਘਬਰਾ ਗਏ ਹਨ ਤੇ ਹੁਣ ਇਹੋ ਜਿਹੀਆਂ ਚਾਲਾਂ ਰਾਂਹੀ ਕੌਮ ਦਾ ਧਿਆਨ ਲਾਂਭੇ ਕਰਨ ਲਈ ਯਤਨਸ਼ੀਲ ਹਨ।

ਉਨਾਂ ਕਿਹਾ ਕਿ ਸਿਖ ਕੌਮ ਇਸ ਤੱਥ ਨੂੰ ਚੰਗੀ ਤਰਾਂ ਸਮਝ ਚੁਕੀ ਹੈ ਕਿ ਬਾਦਲ ਦਲ ਨੇ ਸਿਖ ਸੰਸਥਾਂਵਾਂ ਦੀ ਆਪਣੇ ਸਿਆਸੀ ਸਵਾਰਥਾਂ ਲਈ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਹੋਈ ਹੈ।ਉਨਾਂ ਕਿਹਾ ਕਿ ਸਿਖ ਕੌਮ ਬਾਦਲ ਦਲ ਦੇ ਪੰਥ-ਵਿਰੋਧੀ ਕਾਰਜਾਂ ਨੂੰ ਹੁਣ ਤੱਕ ਬਰਦਾਸ਼ਤ ਕਰਦੀ ਆਈ ਪਰ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣ ਦੇ ਵਰਤਾਰੇ ਨੇ ਸਿਖ ਮਾਨਸਿਕਤਾ ਨੂੰ ਬਹੁਤ ਵੱਡਾ ਸੰਤਾਪ ਦਿਤਾ ਹੈ ਜਿਸ ਕਾਰਨ ਸਮੁਚੀ ਕੌਮ ਬਾਦਲ ਦਲ ਤੇ ਜਥੇਦਾਰਾਂ ਦੇ ਵਿਰੋਧ ਵਿਚ ਡਟ ਚੁਕੀ ਹੈ।

ਉਨਾਂ ਕਿਹਾ ਕਿ ਬਾਦਲ ਦਲ ਸਿਖੀ ਤੇ ਸਿਖਾਂ ਦੀ ਹੇਠੀ ਕਰ ਰਿਹਾ ਹੈ ਤੇ ਪੰਥ-ਵਿਰੋਧੀ ਧਿਰਾ,ਰੁਝਾਨਾਂ ਤੇ ਵਰਤਾਰਿਆਂ ਨੂੰ ਸ਼ਹਿ ਦੇ ਰਿਹਾ ਹੈ ਜਿਸਦਾ ਵਿਰੋਧ ਪੰਥਕ ਸਿਖ ਹਰ ਹੀਲੇ ਕਰਨਗੇ।

ਉਨਾਂ ਕਿਹਾ ਕਿ ਦਲ ਖਾਲਸਾ ਅਤੇ ਸਿਖ ਯੂਥ ਆਫ ਪੰਜਾਬ ਦੇ ਵਰਕਰਾਂ ਦੀ ਫੜੋ-ਫੜਾਈ ਸ਼ਿਖਰ ਉਤੇ ਹੈ ਕਿਉਂਕਿ ਉਨਾਂ ਨੇ ਜਥੇਦਾਰਾਂ ਦੇ ਬਾਈਕਾਟ ਦਾ ਸੱਦਾ ਦਿਤਾ ਸੀ।ਉਨਾਂ ਦੱਸਿਆ ਕਿ ਪਾਰਟੀ ਆਗੂ ਕੰਵਰਪਾਲ ਸਿੰਘ,ਗਗਨਦੀਪ ਸਿੰਘ,ਪਰਮਜੀਤ ਸਿੰਘ ਟਾਂਡਾ ਨੂੰ ਅੰਮ੍ਰਿਤਸਰ ਜੇਲ ਵਿਚ ਨਜਰਬੰਦ ਕਰ ਦਿਤਾ ਗਿਆ ਹੈ ਤੇ ਹੋਰਨਾਂ ਆਗੂਆਂ ਦੀ ਗ੍ਰਿਫਤਾਰੀ ਲਈ ਵੀ ਪੁਲੀਸ ਛਾਪੇਮਾਰੀ ਕਰ ਰਹੀ ਹੈ।

ਉਨਾਂ ਸੱਦਾ ਦਿਤਾ ਕਿ ਹਰ ਇਲਾਕੇ ਦੀ ਸੰਗਤ ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਾ ਘਿਰਾਓ ਕਰਕੇ ਇਸ ਘਿਨਾਉਣੇ ਕਾਂਡ ਲਈ ਜਵਾਬਦੇਹੀ ਮੰਗੇ।

ਇਸ ਮੌਕੇ ਭਾਈ ਬਲਦੇਵ ਸਿੰਘ ਸਿਰਸਾ,ਸਰਬਜੀਤ ਸਿੰਘ ਘੁਮਾਣ,ਨੋਬਲਜੀਤ ਸਿੰਘ,ਰਣਬੀਰ ਸਿੰਘ ਹਾਜਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,