June 2, 2020 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ: ਤੀਜੇ ਘੱਲੂਘਾਰੇ (ਜੂਨ 1984) ਦੀ 36ਵੀਂ ਸਲਾਨਾ ਯਾਦ ਦੇ ਮੱਦੇ ਨਜ਼ਰ ਸਿੱਖ ਸੰਗਤਾਂ ਵਲੋਂ ਸਾਲ ਦੀ ਤਰ੍ਹਾਂ ਘੱਲੂਘਾਰਾ ਯਾਦਗਾਰੀ ਅਤੇ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਬੇਸ਼ੱਕ ਸੰਗਤਾਂ ਇਨ੍ਹੀਂ ਦਿਨੀਂ ਲੱਗੀਆਂ ਰੋਕਾਂ ਦਾ ਬਕਾਇਦਾ ਖਿਆਲ ਰੱਖ ਰਹੀਆਂ ਹਨ ਪਰ ਸਰਕਾਰ ਵਲੋਂ ਸਿੱਖ ਸੰਗਤਾਂ ਉੱਤੇ ਸਖਤੀ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਦਰਬਾਰ ਸਾਹਿਬ ਸਮੂਹ ਦੇ ਰਾਹ ਵਿਚ ਰੋਕਾਂ ਲਾਈਆਂ:
ਮਈ ਦੇ ਆਖਰੀ ਹਫਤੇ ਤੋਂ ਹੀ ਪੁਲਿਸ ਵਲੋਂ ਸਿੱਖ ਸੰਗਤਾਂ ਨੂੰ ਦਰਬਾਰ ਸਾਹਿਬ ਜਾਂ ਤੋਂ ਰੋਕਿਆ ਜਾ ਰਿਹਾ ਸੀ। ਸਿੱਖ ਸਿਆਸਤ ਨੂੰ ਸਿੱਖ ਸੰਗਤਾਂ ਵਲੋਂ ਸੰਪਰਕ ਕਰਕੇ ਦੱਸਿਆ ਗਿਆ ਸੀ ਕਿ ਪੁਲਿਸ ਸਿੱਖ ਸੰਗਤਾਂ ਨੂੰ ਦਰਬਾਰ ਸਾਹਿਬ ਜਾਣ ਦੇ ਕਈ ਰਾਹਾਂ ਤੋਂ ਰੋਕ ਰਹੇ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਉਹ 6 ਜੂਨ ਤੋਂ ਬਾਅਦ ਦਰਸ਼ਨਾਂ ਲਈ ਆਉਣ।
ਹਾਲੀਆ ਦਿਨਾਂ ਵਿੱਚ ਪੁਲਿਸ ਵਲੋਂ ਦਰਬਾਰ ਸਾਹਿਬ ਨੂੰ ਜਾਂਦੇ ਰਾਹਾਂ ਉੱਤੇ ਰੋਕਾਂ ਲਾਈਆਂ ਗਈਆਂ ਹਨ।
ਛਾਪੇਮਾਰੀ ਦੀਆਂ ਖਬਰਾਂ:
ਖਬਰਾਂ ਹਨ ਕਿ ਘੱਲੂਘਾਰਾ ਹਫਤੇ ਦੇ ਮੱਦੇ-ਨਜ਼ਰ ਪੁਲਿਸ ਵਲੋਂ ਸਿੱਖ ਕਾਰਕੁਨਾਂ ਦੀ ਫੜੋ-ਫੜੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵਲੋਂ 31 ਮਈ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ “ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਘਰਾਂ ਅਤੇ ਜਿਲਿਆ ਵਿੱਚੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ”।
ਬਿਆਨ ਵਿਚ ਇਹ ਛਾਪੇਮਾਰੀ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਿਕ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ।
ਬਿਆਨ ਵਿੱਚ ਸ਼੍ਰੋ.ਅ.ਦ.ਅ. ਮੁਖੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ “ਅਸੀਂ ਸਰਕਾਰਾਂ ਵੱਲੋਂ ਲਾਕਡਾਊਨ ਦੇ ਬਣਾਏ ਨਿਯਮਾਂ ਉਤੇ ਚੱਲਦਿਆਂ, ਇਹ ਨੀਤੀ ਤੈਅ ਕੀਤੀ ਸੀ ਕਿ ਅਸੀਂ ਹਰ ਜਿਲੇ ਤੋਂ 2-2 ਆਗੂ ਜਾਂ ਵਰਕਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਉਥੇ ਸ਼ਹੀਦ ਹੋਏ ਸਿੰਘਾਂ ਨੂੰ ਨਤਮਸਤਕ ਹੁੰਦੇ ਹੋਏ ਆਪਸ ਵਿੱਚ ਡਿਸਟੈਂਸ ਅਤੇ ਫਾਸਲਾ ਬਣਾਕੇ ਸ਼ਰਧਾਂ ਦੇ ਫੁੱਲ ਭੇਂਟ ਕਰਕੇ ਸਾਡਾ ਵਾਪਿਸ ਆਉਣ ਦਾ ਪ੍ਰੋਗਰਾਮ ਸੀ”।
ਗ੍ਰਿਫਤਾਰੀ:
ਇਸੇ ਦੌਰਾਨ ਬੀਤੇ ਕੁਝ ਦਿਨਾਂ ਚ ਪੁਲਿਸ ਵਲੋਂ ਭੁਪਿੰਦਰ ਸਿੰਘ ਨਾਮੀ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਖਬਰ ਆਈ ਜਿਸ ਨੇ ਕਿ ਲੰਘੇ ਸਮੇਂ ਦੌਰਾਨ ਸ਼ਿਵ ਸੈਨਾ ਦੇ ਕਾਰਕੁਨਾਂ ਨੂੰ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਸਾੜਨ ਤੋਂ ਰੋਕਿਆ ਸੀ।
ਯੂਨਾਈਟਡ ਖਾਲਸਾ ਦਲ ਯੂ.ਕੇ. ਵਲੋਂ ਨਿਖੇਧੀ:
ਯੂਨਾਈਟਡ ਖਾਲਸਾ ਦਲ ਯੂ.ਕੇ. ਵਲੋਂ ਇੱਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ “ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਤੀਜੇ ਘੱਲੂਘਾਰੇ ਦੀ ਸਾਲਾਨਾ ਯਾਦ ਨੂੰ ਮੁੱਖ ਰੱਖਦਿਆਂ ਸਰਗਰਮ ਸਿੱਖ ਨੌਜਵਾਨਾਂ ਦੀਆਂ ਗਿ੍ਰਫਤਾਰੀਆਂ ਸਿੱਖ ਕੌਮ ਦੀ ਅਜਾਦੀ ਵਾਤੇ ਚੱਲ ਰਹੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕੇਗਾ। ਇਹ ਸੰਘਰਸ਼ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਦਮਦਮੀ ਟਕਸਾਲ ਦੇ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭ ਕੀਤਾ ਗਿਆ ਹੈ ਅਤੇ ਇਹ ਸੰਘਰਸ਼ ਹੱਕ,ਸੱਚ,ਇਨਸਾਫ ਅਤੇ ਧਰਮ ਤੇ ਅਧਾਰਿਤ ਹੈ । ਉਸ ਸਤਿਕਾਰਯੋਗ ਮਹਾਂਪੁਰਖ ਦੇ ਬਚਨ ਹਨ ਕਿ ਸਿੱਖ ਕੌਮ ਗੇਂਦ ਦੀ ਨਿਆਂਈਂ ਹੈ ਜਿੰਨਾ ਇਸਨੂੰ ਕੋਈ ਦਬਾਉਣ ਦਾ ਯਤਨ ਕਰੇਗਾ ਓਨਾ ਹੀ ਇਹ ਜਿਆਦਾ ਉੱਭਰੇਗੀ”।
Related Topics: darbar sahib amritsar, Shiromani Akali Dal (Mann), Simranjit Singh Maan