March 9, 2015 | By ਸਿੱਖ ਸਿਆਸਤ ਬਿਊਰੋ
ਲੁਧਿਆਣਾ(8 ਮਾਰਚ, 2015): ਆਮ ਆਦਮੀ ਪਾਰਟੀ ਦੀ ਕਾਰਜ਼ਕਾਰਨੀ ਵੱਲੋਂ ਆਮ ਆਦਮੀ ਪਾਰਟੀ ਦੇ ਪਹਿਲੀ ਕਤਾਰ ਦੇ ਆਗੂਆਂ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਆਲ ਆਦਮੀ ਪਾਰਟੀ ਦੀ ਕਾਰਜ਼ਕਾਰਨੀ ‘ਚੋਂ ਕੱਢਣ ਤੋਂ ਬਾਅਦ ਪਾਰਟੀ ਦੇ ਪੰਜਾਬ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਯੋਗਿੰਦਰ ਯਾਦਵ ਅਤੇ ਪ੍ਰਸ਼ਾਤ ਭੂਸ਼ਣ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ।
ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਆਗੂਆਂ ਦੇ ਕਾਰਨ ਪਾਰਟੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਸੰਸਦ ਮੈਂਬਰ ਨੇ ਇਹ ਦੋਸ਼ ਲਾਇਆ ਕਿ ਇਹ ਦੋਵੇਂ ਆਗੂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਵਜੋਂ ਦੇਖਣਾ ਚਾਹੁੰਦੇ ਸਨ।
ੳੁਨ੍ਹਾਂ ਅੱਗੇ ਆਖਿਆ ਕਿ ਇਨ੍ਹਾਂ ਦੋਵਾਂ ਆਗੂਆਂ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਪਾਰਟੀ ਵਿਰੋਧੀ ਕਾਰਵਾਈਆਂ ਕਰਨ ’ਚ ਕੋਈ ਵੀ ਕਸਰ ਨਹੀਂ ਛੱਡੀ ਅਤੇ ਪਾਰਟੀ ਨੂੰ ਹਰਾਉਣ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਪਾਰਟੀ ਨੂੰ ਸਥਾਨਕ ਸਮਰਥੱਕ ਵੋਟ ਨਾ ਦੇਣ ਅਤੇ ਵਿਦੇਸ਼ਾਂ ’ਚ ਰਹਿ ਰਹੇ ਸਮਰਥਕ ਵੀ ਪਾਰਟੀ ਨੂੰ ਫੰਡ ਨਾ ਭੇਜਣ, ਇਸ ਲਈ ਉਨ੍ਹਾਂ ਨੂੰ ਉਕਸਾਇਆ ਗਿਆ।
ਨਵਜੋਤ ਸਿੱਧੂ ਨੂੰ ਪਾਰਟੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਐਲਾਨਣ ਦੀਆਂ ਕਿਆਸਅਰਾਈਆਂ ਦਾ ਖੰਡਨ ਕਰਦੇ ਹੋਏ ਸ੍ਰੀ ਮਾਨ ਨੇ ਆਖਿਆ ਕਿ ਭਾਜਪਾ ਵੱਲੋਂ ਸਿੱਧੂ ਨੂੰ ਸਿਰਫ਼ ਵੋਟਾਂ ਵੇਲੇ ਯਾਦ ਕੀਤਾ ਜਾਂਦਾ ਅਤੇ ਫਿਰ ਉਸ ਨੂੰ ਭੁਲਾ ਦਿੱਤਾ ਜਾਂਦਾ ਹੈ।
ਮਾਨ ਨੇ ਇਹ ਵੀ ਦਾਅਵਾ ਕੀਤਾ ਕਿ 2017 ’ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਉਨ੍ਹਾਂ ਦੀ ਪਾਰਟੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਦਿੱਲੀ ਦੀ ਤਰ੍ਹਾਂ ਹੀ ਉਹ ਵੀ ਪੰਜਾਬ ’ਚ ਵੀ ਜਿੱਤ ਹਾਸਲ ਕਰਨਗੇ।
ਭਗਵੰਤ ਮਾਨ ਨੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੱਡੇ ਵੱਡੇ ਦਾਅਵਿਆਂ ਅਤੇ ਵਾਅਦਿਆਂ ਨੂੰ ਹਾਸੇ ’ਚ ਉਡਾਉਂਦੇ ਹੋਏ ਆਖਿਆ ਕਿ ਉਹ ਆਪਣੇ ਕਾਮੇਡੀਅਨ ਕਰੀਅਰ ’ਚ ਲੋਕਾਂ ਨੂੰ ਇੰਨਾ ਨਹੀਂ ਹਸਾ ਸਕੇ, ਜਿੰਨਾ ਸੁਖਬੀਰ ਬਾਦਲ ਆਪਣੇ 2 ਮਿੰਟਾਂ ਦੇ ਭਾਸ਼ਣ ’ਚ ਹਸਾ ਦਿੰਦੇ ਹਨ।
Related Topics: Aam Aadmi Party, Bhagwant Maan, Indian Politics, Yoginder Yadav