ਵਿਦੇਸ਼ » ਸਿੱਖ ਖਬਰਾਂ

ਗੁਰਦੁਆਰੇ ਦੀ ਭੰਨ੍ਹ-ਤੋੜ; ਉਥੇ ਆਪਣੀ “ਟਾਸਕ ਫੋਰਸ” ਕਿਉਂ ਨਹੀਂ ਭੇਜਦੀ ਸ਼੍ਰੋਮਣੀ ਕਮੇਟੀ: ਐਫ.ਐਸ.ਓ. ਯੂਕੇ

August 25, 2016 | By

ਲੰਡਨ: ਕਸ਼ਮੀਰ ਵਿੱਚ ਗਰੁਦਵਾਰਾ ਸਾਹਿਬ ਦੀ ਭਾਰਤ ਦੇ ਨੀਮ ਫੌਜੀ ਦਸਤਿਆਂ ਵਲੋਂ ਭੰਨ੍ਹਤੋੜ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਹ ਆਪਣੇ ਮਾਲਕ ਹਿੰਦੂਤਵੀ ਹਾਕਮਾਂ ਦੇ ਆਦੇਸ਼ਾਂ ਮੁਤਾਬਿਕ ਸਿੱਖ ਕੌਮ ਨੂੰ ਜ਼ਲੀਲ ਕਰ ਰਹੇ ਹਨ। ਸਿੱਖਾਂ ਨੂੰ ਵਾਰ-ਵਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਤੁਸੀਂ ਭਾਰਤ ਵਿੱਚ ਗੁਲਾਮ ਹੋ ਅਤੇ ਗੁਲਾਮਾਂ ਦੇ ਧਾਰਮਿਕ ਅਸਥਾਨ, ਧਾਰਮਿਕ ਗ੍ਰੰਥ ਸੁਰੱਖਿਅਤ ਨਹੀਂ ਹੋ ਸਕਦੇ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਭਾਰਤੀ ਸੈਨਿਕ ਦਲਾਂ ਦੀ ਇਸ ਘਟੀਆ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੀ ਸਰਕਾਰ ਗੁਰਦਵਾਰਾ ਸਾਹਿਬ ਨੂੰ ਟੈਕਸ ਭਰਨ ਲਈ ਨੋਟਿਸ ਭੇਜ ਰਹੀ ਹੈ। ਭਾਰਤ ਵਿੱਚ ਕਿਸੇ ਮੰਦਰ ਦੀ ਪੁਲਿਸ, ਫੌਜ ਜਾਂ ਪੈਰਾ ਮਿਲਟਰੀ ਫੋਰਸ ਵਲੋਂ ਕਦੇ ਭੰਨਤੋੜ ਨਹੀਂ ਕੀਤੀ ਗਈ, ਕਦੇ ਕਿਸੇ ਮੰਦਰ ਨੂੰ ਟੈਕਸ ਭਰਨ ਲਈ ਨੋਟਿਸ ਨਹੀਂ ਭੇਜਿਆ ਗਿਆ ਤਾਂ ਫਿਰ ਇਹ ਵਰਤਾਰਾ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਨਾਲ ਹੀ ਕਿਉਂ ਵਾਪਰ ਰਿਹਾ ਹੈ।

ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕੁਲਦੀਪ ਸਿੰਘ ਚਹੇੜੂ (ਪੁਰਾਣੀ ਤਸਵੀਰ)

ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕੁਲਦੀਪ ਸਿੰਘ ਚਹੇੜੂ (ਪੁਰਾਣੀ ਤਸਵੀਰ)

ਬਰਤਾਨੀਆ ਵਿੱਚ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਪੰਜਾਬ ਦੀ “ਪੰਥਕ ਸਰਕਾਰ” ਵਲੋਂ ਸਿੱਖ ਨੌਜਵਾਨਾਂ ਦੀਆਂ ਵੱਡੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਨੂੰ “ਸਿਆਸੀ ਸਟੰਟ” ਕਰਾਰ ਦਿੱਤਾ ਗਿਆ ਹੈ। ਜੋ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਵਲੋਂ ਹਿੰਦੂਤਵੀਆਂ ਨੂੰ ਖੁਸ਼ ਕਰਕੇ ਉਹਨਾਂ ਦੀਆਂ ਵੋਟਾਂ ਬਟੋਰਨ ਦੀ ਨੀਤੀ ਦਾ ਹਿੱਸਾ ਹੈ, ਇਹਨਾਂ ਦੀ ਇਹ ਨੀਤੀ ਮੁੱਢ ਕਦੀਮ ਤੋਂ ਹੀ ਰਹੀ ਹੈ।

ਜਿ਼ਕਰਯੋਗ ਹੈ ਕਿ ਪੰਜਾਬ ‘ਤੇ ਹਕੂਮਤ ਕਰ ਰਹੀ ਸਰਕਾਰ ਸਿੱਖ ਕੌਮ ‘ਤੇ ਜ਼ੁਲਮ ਕਰਨ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰਨ ਜਾ ਰਹੀ ਹੈ। ਜਲੰਧਰ ਵਿੱਚ ਆਰ.ਐਸ.ਐਸ. ਦੇ ਸੂਬਾਈ ਮੀਤ ਪ੍ਰਧਾਨ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ‘ਤੇ ਹੋਏ ਕਾਤਲਾਨਾ ਹਮਲੇ ਅਤੇ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਬਲਵਿੰਦਰ ਕੌਰ ਨੂੰ ਕਤਲ ਕਰਨ ਮਗਰੋਂ ਪੰਜਾਬ ਸਰਕਾਰ ਵਲੋਂ ਸਿੱਖ ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਗ੍ਰਿਫਤਾਰ ਕਰਨਾ ਆਰੰਭ ਕਰ ਦਿੱਤਾ ਹੈ। ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਗ੍ਰਿਫਤਾਰ ਕਰਕੇ ਕਈ ਦਿਨ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ ਅਤੇ ਬਾਅਦ ਵਿੱਚ ਪੰਜਾਬ ਦੇ ਲੋਕਾਂ ਦਾ ਧਿਆਨ ਪਾਸੇ ਲਿਜਾਣ ਲਈ ਖਾੜਕੂਵਾਦ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ।

ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਪ੍ਰਤੀ ਵੱਚਨਬੱਧ ਹੁੰਦਿਆਂ ਇਸ ਦੀ ਪੂਰਤੀ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਅੱਜ ਲੋੜ ਹੈ ਕਿ ਹਰ ਸੰਭਵ ਤਰੀਕੇ ਨਾਲ ਕੌਮੀ ਅਜ਼ਾਦੀ ਦੇ ਨਿਸ਼ਾਨੇ ਵਲ ਵਧਿਆ ਜਾਵੇ ਕਿਉਂਕਿ ਜਿੰਨਾ ਚਿਰ ਸਿੱਖ ਆਪਣੇ ਅਜ਼ਾਦ ਘਰ ਖਾਲਿਸਤਾਨ ਦੇ ਮਾਲਕ ਨਹੀਂ ਬਣ ਜਾਂਦੇ ਉਨਾ ਚਿਰ ਧਾਰਮਿਕ, ਆਰਥਿਕ, ਸੱਭਿਆਚਰ ਪੱਖ ਤੋਂ ਹਮਲੇ ਨਹੀਂ ਰੁਕ ਸਕਦੇ।  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਬਾਦਲ ਦਲੀਏ ਵਿਦੇਸ਼ਾਂ ਵਿੱਚ ਵਾਪਰੀ ਕਿਸੇ ਘਟਨਾ ਤੇ ਬੜੇ ਚਿੰਤਤ ਨਜ਼ਰ ਆਉਂਦੇ ਹਨ ਪਰ ਭਾਰਤ ਵਿੱਚ ਜਿੱਥੇ ਇਹਨਾਂ ਦੀ ਖਾਸ ਜ਼ਿੰਮੇਵਾਰੀ ਬਣਦੀ ਹੈ ਉੱਥੇ ਇਹਨਾਂ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੁਰਦਵਾਰਿਆਂ ਦੀ ਸਰਕਾਰੀ ਸ਼ਹਿ ‘ਤੇ ਹੋ ਰਹੀ ਭੰਨ੍ਹਤੋੜ ਦਾ ਕੋਈ ਦਰਦ ਨਹੀਂ ਹੁੰਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,