March 1, 2017 | By ਸਿੱਖ ਸਿਆਸਤ ਬਿਊਰੋ
ਧੂਰੀ: ਐਸਵਾਈਐਲ ਦੇ ਮੁੱਦੇ ’ਤੇ ‘ਆਪ’ ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਨੈਲੋ ਅਤੇ ਬਾਦਲਾਂ ਦੀ ਮਿਲੀਭੁਗਤ ਜੱਗ ਜ਼ਾਹਰ ਹੋ ਗਈ ਹੈ। ਦਸ ਸਾਲ ਤੋਂ ਇਨੈਲੋ ਨੂੰ ਇਹ ਮੁੱਦਾ ਯਾਦ ਨਹੀਂ ਆਇਆ।
ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਦੀ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਨਸ਼ਿਆਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ ਜਿਸ ਦਾ ਬਲਿਊ ਪ੍ਰਿੰਟ ਬਿਲਕੁਲ ਤਿਆਰ ਹੈ।
ਮਾਨ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜੋ ਕਾਲਜ ਵਿੱਚ ਪਈਆਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਪੁੱਜੇ ਸਨ।
ਇੱਕ ਸਵਾਲ ਦੇ ਜਵਾਬ ’ਚ ਮਾਨ ਨੇ ਕਿਹਾ ਕਿ ਪਾਰਟੀ ਵਰਕਰਾਂ ਤੋਂ ਅਫ਼ਸਰਸ਼ਾਹੀ ਬਾਰੇ ਰਾਏ ਲਈ ਜਾ ਰਹੀ ਹੈ ਕਿ ਕਿਹੜੇ ਅਫ਼ਸਰਾਂ ਨੇ ਬਾਦਲ ਦਲ ਦੇ ਜਥੇਦਾਰ ਬਣ ਕੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਹੈ ਉਸ ਦਾ ਪੂਰਾ ਹਿਸਾਬ ਲਿਆ ਜਾਵੇਗਾ। ਪਾਵਰਕੌਮ ਦੇ ਛਾਪਿਆਂ ਬਾਰੇ ਉਨ੍ਹਾਂ ਕਿਹਾ ਕਿ ਪਾਵਰਕੌਮ ਨੂੰ ਦਸ ਸਾਲ ਛਾਪੇ ਮਾਰਨੇ ਕਿਉਂ ਯਾਦ ਨਹੀਂ ਆਏ। ਪੰਜਾਬ ਪੁਲਿਸ ਦੇ ਮੁਖੀ ਦੇ ਬਿਆਨ ‘ਗੈਂਗਸਟਰਾਂ ਵਿਰੁੱਧ ਸਖਤ ਕਾਨੂੰਨ ਬਣਾਵਾਂਗੇ’ ਉਪਰ ਪ੍ਰਤੀਕਰਮ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਪਹਿਲਾਂ ਸਭ ਕੁਝ ਬਗੈਰ ਕਾਨੂੰਨ ਤੋਂ ਹੀ ਚਲਦਾ ਰਿਹਾ। ਮੁੱਖ ਮੰਤਰੀ ਦੇ ਅਹੁਦੇ ਬਾਰੇ ਪੁੱਛੇ ਜਾਣ ’ਤੇ ਮਾਨ ਨੇ ਕਿਹਾ ਕਿ ਸਮੁੱਚੀ ਪਾਰਟੀ ਵਿਚਾਰ ਵਿਟਾਂਦਰਾ ਕਰਕੇ ਹੀ ਫੈਸਲਾ ਲਏਗੀ। ਬਾਦਲ ਦਲ ਵੱਲੋਂ ਡੇਰਾ ਸਿਰਸਾ ਪ੍ਰੇਮੀਆਂ ਦੀ ਹਮਾਇਤ ਦੇ ਮੁੱਦੇ ’ਤੇ ਮਾਨ ਨੇ ਕਿਹਾ ਕਿ ਬਾਦਲ ਦਲ ਨੇ ਹਮੇਸ਼ਾ ਹੀ ਧਰਮ ਦੀ ਰਾਜਨੀਤੀ ਕੀਤੀ ਹੈ।
ਸਬੰਧਤ ਖ਼ਬਰ:
“ਰਾਸ਼ਟਰਵਾਦ ਦੇ ਨਾਂ ‘ਤੇ ਹਿੰਸਾ” ਦਾ ਵਿਰੋਧ ਕਰਨ ਵਾਲੀ ਗੁਰਮਿਹਰ ਨੂੰ ਮਿਲੀ ‘ਬਲਾਤਕਾਰ’ ਦੀ ਧਮਕੀ …
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਉਨ੍ਹਾਂ ਗੁਰਮਿਹਰ ਕੌਰ ਅਤੇ ਉਸ ਦੀ ਮਾਂ ਨਾਲ ਗੱਲ ਕੀਤੀ ਹੈ ਜਿਸ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਯੂਨੀਵਰਸਿਟੀਆਂ ਨੂੰ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਹੈ ਅਤੇ ਨਫ਼ਰਤ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਤਿ ਗੰਭੀਰ ਹੈ ਜਿਸ ਨੂੰ ਉਹ ਸੰਸਦ ਵਿੱਚ ਚੁੱਕਣਗੇ।
ਸਬੰਧਤ ਖ਼ਬਰ:
ਭਗਵੰਤ ਮਾਨ ਨੇ ਚੌਟਾਲ਼ਿਆਂ ਨੂੰ ਪੁੱਛਿਆ ਕਿ ਬਾਦਲ ਦੇ ਰਾਜ ਦੌਰਾਨ ਪਾਣੀਆਂ ਦਾ ਮੁੱਦਾ ਕਿਉਂ ਨਾ ਚੁੱਕਿਆ …
Related Topics: Abhay Chautala, Bhagwant Maan, Indian Nationalism, INLD, Nationalism, SYL, ਐਸ.ਵਾਈ.ਐਲ.