ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਆਪ ਵੱਲੋਂ ਉਮੀਦਵਾਰਾਂ ਦੇ ਡਰੱਗ ਟੈਸਟ ਦੇ ਫੈਸਲੇ ਦਾ ਸਵਾਗਤ; ਭਗਵੰਤ ਮਾਨ ਦਾ ਕੀ ਬਣੇਗਾ? ਡਾ. ਚੀਮਾ

July 5, 2016 | By

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਯੂਥ ਮਨੋਰਥ ਪੱਤਰ ਨੂੰ ਦਿੱਲੀ ਚੋਣਾਂ ਦੌਰਾਨ ਜਾਰੀ ਕੀਤੇ ਪੱਤਰ ਦੀ ਨਕਲ ਕਰਾਰ ਦਿੰਦਿਆਂ ਕਿਹਾ ਹੈ ਕਿ ਦਿੱਲੀ ਵਿਚ ਤਾਂ ਆਪ ਵਾਲਿਆਂ ਨੇ ਕੁਝ ਕੀਤਾ ਨਹੀਂ ਅਤੇ ਹੁਣ ਉਹ ਪੰਜਾਬ ਵਿਚ 25 ਲੱਖ ਨੌਕਰੀਆਂ ਕਿਵੇਂ ਦੇ ਸਕਦੇ ਹਨ ਜਦਕਿ ਪੰਜਾਬ ਵਿਚ ਤਾਂ ਸਿਰਫ 5 ਲੱਖ ਸਰਕਾਰੀ ਮੁਲਾਜ਼ਮ ਭਰਤੀ ਕਰਨ ਦੀ ਹੀ ਸਮਰੱਥਾ ਹੈ।

ਇੱਥੋਂ ਜਾਰੀ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਂਝ ’ਆਪ’ ਵੱਲੋਂ ਸੰਭਾਵੀ ਉਮੀਦਵਾਰਾਂ ਦੇ ਡਰੱਗ ਟੈਸਟ ਕਰਾਉਣ ਦਾ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਕਿਉਂ ਕਿ ਇਸ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਵਾਲਿਆਂ ਨੂੰ ਆਪਣੀ ਪ੍ਰਚਾਰ ਕਮੇਟੀ ਦਾ ਨਵਾਂ ਮੁਖੀ ਹੁਣੇ ਨਿਯੁਕਤ ਕਰ ਦੇਣਾ ਚਾਹੀਦਾ ਹੈ ਕਿਉਂ ਕਿ ਇਹ ਖਬਰ ਸੁਣ ਕੇ ਤਾਂ ਭਗਵੰਤ ਮਾਨ ਨਿਰਾਸ਼ਾ ਦੇ ਆਲਮ ਵਿਚ ਡੁੱਬ ਗਿਆ ਹੋਵੇਗਾ।

Daljt-Singh-Cheema-SAD

ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ (ਫਾਈਲ ਫੋਟੋ)

ਆਪ ਵਾਲਿਆਂ ਵੱਲੋਂ 25 ਲੱਖ ਨੌਕਰੀਆਂ ਦੇਣ ਦੇ ਕੀਤੇ ਵਾਅਦੇ ਬਾਰੇ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਇਹ ਤਾਂ ਦੱਸ ਦੇਵੇ ਕਿ ਦਿੱਲੀ ਦੇ ਨੌਜਵਾਨਾਂ ਨੂੰ 8 ਲੱਖ ਨੌਕਰੀਆਂ ਦੇਣ ਦੇ ਵਾਅਦਿਆਂ ਦਾ ਕੀ ਬਣਿਆਂ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਦੀ ਜਾਣਕਾਰੀ ਹੈ ਦਿੱਲੀ ਵਿਚ ਸਿਰਫ ਗਿਣਤੀ ਦੇ ਨੌਜਵਾਨਾਂ ਨੂੰ ਆਪ ਸਰਕਾਰ ਦੌਰਾਨ ਨੌਕਰੀ ਮਿਲੀ ਹੈ ਜਦਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ 2.50 ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਜਨ ਲੋਕਪਾਲ ਬਿਲ ਦੇ ਮੁੱਦੇ ’ਤੇ ਵੀ ਕੇਜਰੀਵਾਲ ਪੰਜਾਬੀਆਂ ਨਾਲ ਝੂਠ ਬੋਲ ਰਿਹਾ ਹੈ ਕਿਉਂਕਿ ਦਿੱਲੀ ਵਿਚ ਉਸ ਨੇ ਉਹ ਜਨ ਲੋਕਪਾਲ ਬਿਲ ਲਾਗੂ ਹੀ ਨਹੀਂ ਕੀਤਾ ਜਿਸ ਦੇ ਆਧਾਰ ’ਤੇ ਉਸ ਨੇ ਚੋਣਾਂ ਜਿੱਤੀਆਂ ਸਨ। ਇਸੇ ਤਰ੍ਹਾਂ ਦਿੱਲੀ ਵਾਸੀਆਂ ਨੂੰ ਮੁਫਤ ਵਾਈ-ਫਾਈ ਦੇਣ ਦਾ ਵਾਅਦਾ ਵੀ ਹਵਾ ਵਿਚ ਹੀ ਲਟਕ ਰਿਹਾ ਹੈ ਫੇਰ ਪੰਜਾਬ ਵਿਚ ਉਹ ਇਸ ਸਕੀਮ ਨੂੰ ਕਿਵੇਂ ਲਾਗੂ ਕਰੇਗਾ?

ਅਕਾਲੀ ਆਗੂ ਨੇ ਆਪ ਆਗੂ ਨੂੰ ਸਲਾਹ ਦਿੱਤੀ ਕਿ ਉਹ ਅਖਬਾਰ ਪੜ੍ਹਿਆ ਵੀ ਕਰੇ ਨਾ ਕਿ ਸਿਰਫ ਅਖਬਾਰਾਂ ਵਿਚ ਆਪਣੇ ਪ੍ਰਚਾਰ ਲਈ 550 ਕਰੋੜ ਰੁਪਏ ਦੇ ਇਸ਼ਤਿਹਾਰ ਦੇ ਕੇ ਲੋਕਾਂ ਦਾ ਪੈਸਾ ਖਰਾਬ ਕਰੇ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਅਖਬਾਰ ਪੜ੍ਹਦਾ ਹੋਵੇ ਤਾਂ ਉਸ ਨੂੰ ਪਤਾ ਚੱਲੇ ਕਿ ਜੋ ਵਾਅਦੇ ਉਹ ਕਰ ਰਿਹਾ ਹੈ ਉਸ ਵਿਚੋਂ ਜ਼ਿਆਦਾ ਵਾਅਦੇ ਤਾਂ ਅਕਾਲੀ-ਭਾਜਪਾ ਸਰਕਾਰ ਨੇ ਪੂਰੇ ਵੀ ਕਰ ਦਿੱਤੇ ਹਨ ਜਿਵੇਂ ਕਿ 13 ਨਵੀਆਂ ਯੂਨੀਵਰਸਿਟੀਆਂ ਅਤੇ 30 ਨਵੇਂ ਕਾਲਜ ਅਕਾਲੀ-ਭਾਜਪਾ ਸਰਕਾਰ ਦੌਰਾਨ ਖੋਲ੍ਹੇ ਗਏ ਹਨ ਜਦਕਿ ਚੋਣ ਮਨੋਰਥ ਪੱਤਰ ਦੇ ਵਾਅਦੇ ਅਨੁਸਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਹਾਲੇ 20 ਨਵੇਂ ਕਾਲਜ ਖੋਲ੍ਹਣੇ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖੇਡਾਂ ਵਿਚ ਵੀ ਪੰਜਾਬ ਨੇ ਮੱਲਾਂ ਮਾਰੀਆਂ ਹਨ ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਸਥਾਪਨਾ ਨਾਲ ਸੂਬੇ ਦੇ ਖੇਡ ਢਾਂਚੇ ਨੂੰ ਨਵੀਂ ਗਤੀ ਮਿਲੀ ਹੈ ਜਦਕਿ ਕੇਜਰੀਵਾਲ ਨੂੰ ਓਲੰਪਿਲ ਮਿਸ਼ਨ ਹੁਣ ਯਾਦ ਆਇਆ ਹੈ। ਉਨ੍ਹਾਂ ਕਿਹਾ ਕਿ 6 ਹਾਕੀ ਸਟੇਡੀਅਮਾਂ ਤੋਂ ਇਲਾਵਾ 10 ਬਹੁਮੰਤਵੀ ਖੇਡ ਮੈਦਾਨ ਵੀ ਪੰਜਾਬ ਵਿਚ ਬਣਾਏ ਗਏ ਹਨ। ਡਾ. ਚੀਮਾ ਨੇ ਕਿਹਾ ਕਿ 200 ਨਵੇਂ ਹੁਨਰ ਵਿਕਾਸ ਸੈਂਟਰ ਵੀ ਪੰਜਾਬ ਵਿਚ ਸ਼ੁਰੂ ਹੋਣ ਜਾ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈਆਂ ’ਚ ਤਾਂ ਸਿਖਲਾਈ ਸ਼ੁਰੂ ਵੀ ਹੋ ਚੁੱਕੀ ਹੈ ਪਰ ਸ਼ਾਇਦ ਇਹ ਸਭ ਕੇਜਰੀਵਾਲ ਨੂੰ ਨਹੀਂ ਦਿਸ ਰਿਹਾ।

ਡਾ. ਚੀਮਾ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਕੀਤੇ ਵਾਅਦਿਆਂ ਨੂੰ ਨਿਭਾਏ ਅਤੇ ਫੇਰ ਪੰਜਾਬ ਵਿਚ ਵੋਟਾਂ ਮੰਗਣ ਆਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਐਸਵਾਈਐਲ ਦੇ ਮੁੱਦੇ ’ਤੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰ ਚੁੱਕਾ ਹੈ ਤੇ ਗੁਰੂਦੁਆਰਾ ਸੀਸ ਗੰਜ ਸਾਹਿਬ ਵਿਖੇ ਪਿਆਊ ਨੂੰ ਢਾਹ ਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਛਲਣੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕਰਕੇ ਹੁਣ ਉਹ ਪੰਜਾਬ ਦੇ ਨੌਜਵਾਨਾਂ ਨੂੰ ਭਰਮਾਉਣ ਆ ਗਿਆ ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਵੱਡੇ-ਵੱਡੇ ਵਾਅਦੇ ਕਰਕੇ ਨੌਜਵਾਨਾਂ ਦੀਆਂ ਵੋਟਾਂ ਲੈ ਲਈਆਂ ਜਾਣ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਕੇਜਰੀਵਾਲ ਪਹਿਲਾਂ ਦਿੱਲੀ ਵਿਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕਰੇ ਅਤੇ ਪੰਜਾਬ ਦੇ ਲੋਕ ਵੀ ਜਾਣਨਾ ਚਾਹੁੰਦੇ ਹਨ ਕਿ ਉਸ ਨੇ ਕੀ ਕੁਝ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੀ ਅਸਲੀਅਤ ਪਤਾ ਚੱਲ ਚੁੱਕੀ ਹੈ ਅਤੇ ਉਹ ਉਸ ਵੱਲੋਂ ਕੀਤੇ ਝੂਠੇ ਵਾਅਦਿਆਂ ਅਤੇ ਚੋਣ ਮਨੋਰਥ ਪੱਤਰਾਂ ਜ਼ਰੀਏ ਮੂਰਖ ਨਹੀਂ ਬਣਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,