ਖਾਸ ਖਬਰਾਂ » ਸਿੱਖ ਖਬਰਾਂ

ਅਦਾਲਤ ਨੇ 25 ਸਾਲ ਬਾਅਦ ਪੀਲੀਭੀਤ ਵਿਚ 10 ਸਿੱਖਾਂ ਦਾ ਘਾਣ ਕਰਨ ਵਾਲੇ 47 ਪੁਲਿਸ ਵਾਲੇ ਦੋਸ਼ੀ ਐਲਾਨੇ

April 3, 2016 | By

2 ਅਪ੍ਰੈਲ – 12 ਜੁਲਾਈ 1991 ਨੂੰ ਸਿੱਖ ਸ਼ਰਧਾਲੂ ਯਾਤਰੂਆਂ ਦੀ ਬੱਸ ਉੱਤਰ ਪ੍ਰਦੇਸ਼ (ਯੂ. ਪੀ.) ਪੁਲਿਸ ਵੱਲੋਂ ਰੋਕ ਕੇ ਬਦਾਯੂੰ ਜ਼ਿਲੇ੍ਹ ‘ਚ 10 ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਫਰਜ਼ੀ ਪੁਲਿਸ ਮੁਕਾਬਲਿਆਂ ‘ਚ ਮਾਰ ਦਿੱਤੇ ਜਾਣ ਬਾਅਦ ਸ਼ਹੀਦ ਹੋਏ ਸਿੱਖ ਨੌਜਵਾਨ ਪਰਿਵਾਰ ਵੱਲੋਂ 25 ਸਾਲ ਦੀ ਲੰਬੀ ਕਾਨੂੰਨੀ ਲੜਾਈ ਲੜਨ ਉਪਰੰਤ ਬੀਤੇ ਕੱਲ੍ਹ ਲਖਨਊ ਵਿਖੇ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਵੱਲੋਂ ਫਰਜ਼ੀ ਮੁਕਾਬਲੇ ‘ਚ ਸ਼ਾਮਿਲ 47 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਨਾਲ ਮਾਰੇ ਗਏ ਨਿਰਦੋਸ਼ ਸਿੱਖ ਪਰਿਵਾਰਾਂ ਦੇ ਇਕ ਵਾਰ ਫੇਰ ਸਰਕਾਰੀ ਮੁਲਾਜ਼ਮਾਂ ਵੱਲੋਂ ਢਾਹੇ ਜਬਰ ਦੇ ਜ਼ਖ਼ਮ ਹਰੇ ਹੋ ਗਏ ਹਨ ।

ਯੂਪੀ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਪਰਿਵਾਰ ਪੁਲਿਸ ਜਬਰ ਦੀ ਦਾਸਤਾਂ ਬਿਆਨ ਕਰਦੇ ਹੋਏ

ਯੂਪੀ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਪਰਿਵਾਰ ਪੁਲਿਸ ਜਬਰ ਦੀ ਦਾਸਤਾਂ ਬਿਆਨ ਕਰਦੇ ਹੋਏ

ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਤੇ ਅਹਿਮ ਫੈਸਲੇ ਸੰਬੰਧੀ ਪੀੜ੍ਹਤ ਪਰਿਵਾਰਾਂ ਦੇ ਪ੍ਰਤੀਕਰਮ ਜਾਨਣ ਲਈ ਅੱਜ ‘ਅਜੀਤ’ ਦੀ ਟੀਮ ਉਪਰੋਕਤ ਫਰਜ਼ੀ ਮੁਕਾਬਲੇ ‘ਚ ਮਾਰੇ ਗਏ ਨਿਰਦੋਸ਼ ਸਿੱਖ ਨੌਜਵਾਨਾਂ ਦੇ ਘਰ ਪੁੱਜੀ ਅਤੇ ਉਕਤ ਅਦਾਲਤੀ ਫੈਸਲੇ ਸੰਬੰਧੀ ‘ਅਜੀਤ’ ‘ਚ ਛਪੀ ਵਿਸਤਿ੍ਤ ਰਿਪੋਰਟ ਬਾਰੇ ਦੱਸਿਆ ਤਾਂ ਪੀੜਤ ਪਰਿਵਾਰ ਭਾਵੁਕ ਹੋ ਗਏ ।

3 ਸਕੇ ਭਰਾਵਾਂ ਦੇ ਮਾਰੇ ਜਾਣ ਦੀ ਪਰਿਵਾਰ ਵੱਲੋਂ ਦਾਸਤਾਨ:

ਪੁਲਿਸ ਵੱਲੋਂ ਪੀਲੀ ਭੀਤ ‘ਚ ਖਾੜਕੂ ਹੋਣ ਦਾ ਠੱਪਾ ਲਾ ਕੇ ਫਰਜ਼ੀ ਮੁਕਾਬਲੇ ਵਿਚ ਮਾਰੇ 10 ਨਿਰਦੋਸ਼ ਸਿੱਖ ਨੌਜਵਾਨਾਂ ਚੋਂ ਦੋ ਸਕੇ ਭਰਾਵਾਂ ਦੇ ਘਰ ਪਿੰਡ ਅਰਜਨਪੁਰ (ਬਟਾਲਾ) ਵਿਖੇ ‘ਅਜੀਤ’ ਦੀ ਟੀਮ ਪੁੱਜਣ ‘ਤੇ ਘਰਾਂ ‘ਚ ਬੈਠੀ ਸੁਰਿੰਦਰ ਕੌਰ ਪਤਨੀ ਨਿਸ਼ਾਨ ਸਿੰਘ ਨੇ ਆਪਣੇ ਪਰਿਵਾਰ ਦੀ ਦੁਖੜਾ ਬਿਆਨ ਕਰਦਿਆਂ ਦੱਸਿਆ ਕਿ ਮੇਰੇ ਦੋ ਦਿਓਰ ਬਲਜੀਤ ਸਿੰਘ ਪੱਪੂ ਆਪਣੀ ਪਤਨੀ ਬਲਵਿੰਦਰਜੀਤ ਕੌਰ ਅਤੇ ਜਸਵੰਤ ਸਿੰਘ ਜੱਸਾ ਆਪਣੀ ਮਾਂ ਸੁਰਜੀਤ ਕੌਰ ਨਾਲ ਸਿੱਖ ਗੁਰਧਾਮਾਂ ਦੀ ਯਾਤਰਾ ਕਰ ਰਹੇ ਸਨ ਕਿ ਪੀਲੀਭੀਤ ਵਿਖੇ ਬੱਸ ਵਿਚ ਜ਼ਬਰੀ ਉਤਾਰ ਕੇ ਹੋਰਨਾਂ ਸਿੱਖ ਨੌਜਵਾਨਾਂ ਸਮੇਤ ਮੇਰੇ ਦੋਵਾਂ ਦਿਓਰਾਂ ਨੂੰ ਪੁਲਿਸ ਨੇ ਖਾੜਕੂ ਹੋਣ ਦੀ ਆੜ ਹੇਠ ਫਰਜ਼ੀ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ । ਖਬਰਾਂ ਛਪਣ ‘ਤੇ ਹੀ ਸਾਡੇ ਪਰਿਵਾਰ ਨੂੰ ਏਥੇ ਪੰਜਾਬ ‘ਚ ਪਤਾ ਲੱਗਿਆ ਸੀ ।

ਆਪਣੀ ਦੁਖਾਂਤ ਭਰੀ ਜੀਵਨੀ ਦੱਸਦਿਆਂ ਸੁਰਿੰਦਰ ਕੌਰ ਨੇ ਦੱਸਿਆ ਕਿ ਮੈਂ ਤੇ ਮੇਰਾ ਪਤੀ ਨਿਸ਼ਾਨ ਸਿੰਘ, ਜੋ ਬਿਜਲੀ ਬੋਰਡ ‘ਚ ਮੁਲਾਜ਼ਮ ਸੀ, ਬਜ਼ੁਰਗ ਮਾਤਾ ਸੁਰਜੀਤ ਕੌਰ ਤੇ ਮਾਰੇ ਗਏ ਬਲਜੀਤ ਸਿੰਘ ਪੱਪੂ ਦੀ ਪਤਨੀ ਬਲਵਿੰਦਰ ਕੌਰ ਨੂੰ ਲਿਆਉਣ ਲਈ ਯੂ.ਪੀ. ਗਏ ਸਾਂ ਤੇ ਆਪਣੇ ਨਜ਼ਦੀਕੀ ਯੂ.ਪੀ. ਰਹਿੰਦੇ ਰਿਸ਼ਤੇਦਾਰਾਂ ਦੇ ਘਰੋਂ ਯੂ.ਪੀ. ਪੁਲਿਸ ਨੇ 22 ਜਨਵਰੀ 1992 ਨੂੰ ਜ਼ਬਰੀ ਚੁੱਕ ਦੇ ਮੇਰੇ ਨਿਰਦੋਸ਼ ਪਤੀ ਨਿਸ਼ਾਨ ਸਿੰਘ ਨੂੰ ਵੀ ਇਕ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਤੇ ਕਿਸੇ ਅਣਦੱਸੀ ਥਾਂ ਅੰਤਿਮ ਸੰਸਕਾਰ ਕਰ ਦਿੱਤਾ, ਜਦੋਂ ਕਿ ਮੈਨੂੰ ਵੀ ਪੁਲਿਸ ਨੇ ਗਿ੍ਫਤਾਰ ਕਰਕੇ ਟਾਡਾ ਐਕਟ ਤਹਿਤ ਬਰੇਲੀ ਜੇਲ੍ਹ ਭੇਜ ਦਿੱਤਾ ਸੀ ।

ਲਗਾਤਾਰ ਤਿੰਨ ਸਾਲ ਜੇਲ੍ਹ ਕੱਟਣ ਤੱਕ ਮੇਰੇ ਪਤੀ ਬਾਰੇ ਪਤਾ ਨਹੀਂ ਲੱਗਿਆ ਤੇ ਮੁਲਾਕਾਤ ਤੱਕ ਨਹੀਂ ਸੀ ਹੋਣ ਦਿੱਤੀ ਜਾਂਦੀ। 16 ਸਾਲ ਅਦਾਲਤੀ ਤਰੀਕਾਂ ਭੁਗਤਣ ਬਾਅਦ ਮੈਂ ਬਰੀ ਹੋਈ ਸਾਂ । ਮੇਰੇ ਸਮੇਤ ਮੇਰੇ ਪਰਿਵਾਰ ਨੂੰ ਪੁਲਿਸ ਵਧੀਕਿਆਂ ਦਾ ਲੰਬਾ ਸਮਾਂ ਸ਼ਿਕਾਰ ਹੋਣਾ ਪਿਆ । ਆਪਣੇ ਲਾਡਲੇ ਤਿੰਨ ਪੁੱਤਾਂ ਦੀ ਫਰਜ਼ੀ ਪੁਲਿਸ ਮੁਕਾਬਲਿਆਂ ‘ਚ ਮਾਰੇ ਜਾਣ ਦੇ ਵਿਰੋਧ ‘ਚ ਇਨਸਾਫ ਨੂੰ ਤਰਸਦੀ ਬਜ਼ੁਰਗ ਮਾਂ ਸੁਰਜੀਤ ਕੌਰ ਮੌਤ ਦੀ ਝੋਲੀ ਜਾ ਪਈ ਹੈ ।

ਪਿੰਡ ਸਤਕੋਹਾ ਦੇ ਮਰੇ ਨੌਜਵਾਨ ਦੇ ਪਰਿਵਾਰ ਵੱਲੋਂ ਲੜੀ ਗਈ ਸੀ ਪੂਰੀ ਕਾਨੂੰਨੀ ਲੜਾਈ:
12 ਜੁਲਾਈ 1991 ਨੂੰ ਯੂ.ਪੀ. ਪੁਲਿਸ ਵੱਲੋਂ ਯਾਤਰੂ ਬੱਸ ਨੂੰ ਰੋਕਣ ਮੌਕੇ ਬੱਸ ‘ਚ ਸਵਾਰ ਚਸ਼ਮਦੀਦ ਗਵਾਹ ਸਵਰਨਜੀਤ ਕੌਰ ਪਤਨੀ ਸ਼ਹੀਦ ਹਰਮਿੰਦਰ ਸਿੰਘ ਉਰਫ ਮਿੰਟਾ ਵਾਸੀ ਸਤਕੋਹਾ (ਬਟਾਲਾ) ਨੇ ਨਮ ਅੱਖਾਂ ਨਾਲ ਦੱਸਿਆ ਕਿ ਸਾਡੀ ਬੱਸ ਸ੍ਰੀ ਹਜ਼ੂਰ ਸਾਹਿਬ-ਸ੍ਰੀ ਪਟਨਾ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਯੂ.ਪੀ. ਸੂਬੇ ਵਿਚ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਹੇ ਸਾਂ ਕਿ ਪੁਲਿਸ ਮੁਲਾਜ਼ਮਾਂ ਨੇ ਸਾਡੀ ਬੱਸ ਸਵੇਰੇ ਰੋਕ ਕੇ ਬੱਸ ਵਿਚ ਬੈਠੇ ਮੇਰੇ ਪਤੀ ਹਰਮਿੰਦਰ ਸਿੰਘ ਮਿੰਟਾ ਸਮੇਤ 10 ਸਿੱਖ ਨੌਜਵਾਨਾਂ ਨੂੰ ਜ਼ਬਰੀ ਹੇਠਾਂ ਉਤਾਰ ਕੇ ਦੂਸਰੇ ਵਾਹਨ ‘ਚ ਬਿਠਾ ਕੇ ਕਿਸੇ ਅਣਦੱਸੀ ਥਾਂ ਵੱਲ ਲੈ ਗਏ, ਜਦੋਂ ਕਿ ਮੇਰੇ ਸਮੇਤ ਹੋਰ ਔਰਤਾਂ ਤੇ ਬਜ਼ੁਰਗਾਂ ਨੂੰ ਸਾਰਾ ਦਿਨ ਬੱਸ ਵਿੱਚ ਬਿਠਾ ਕੇ ਵੱਖ-ਵੱਖ ਥਾਂ ‘ਤੇ ਜੰਗਲੀ ਇਲਾਕੇ ਵੱਲ ਘੁਮਾਉਂਦੇ ਹੋਏੇ ਹਨ੍ਹੇਰਾ ਹੋਣ ‘ਤੇ ਪੀਲੀ ਭੀਤ ਵਿਖੇ ਗੁਰਦੁਆਰਾ ਸਾਹਿਬ ਵਿਖੇ ਛੱਡ ਗਏ । ਪਹਾੜ ਜਿੱਡੇ ਦੁੱਖ ਨੂੰ ਤੇ ਵਾਪਰੀ ਮੰਦਭਾਗੀ ਘਟਨਾ ਨੂੰ ਯਾਦ ਕਰਕੇ ਅੱਥਰੂ ਕੇਰਦਿਆਂ ਪੀ ੜਤ ਸਵਰਨਜੀਤ ਕੌਰ ਨੇ ਦੱਸਿਆ ਕਿ ਉਸੇ ਰਾਤ ਉਸ ਦੇ ਪਤੀ ਸਮੇਤ ਸਾਰੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਫਰਜ਼ੀ ਮੁਕਾਬਲਿਆਂ ‘ਚ ਪੁਲਿਸ ਵੱਲੋਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

 ਸਵਰਨਜੀਤ ਕੌਰ ਨੇ ਦੱਸਿਆ ਕਿ ਮੇਰੇ ਸਹੁਰਾ ਅਜੀਤ ਸਿੰਘ ਕਾਹਲੋਂ ਸਮੇਤ ਹੋਰਨਾਂ ਪੀੜਤ ਪਰਿਵਾਰਾਂ ਵੱਲੋਂ ਵਾਪਰੇ ਵੱਡੇ ਦੁਖਾਂਤ ਨੂੰ ਸਹਿਣ ਕਰਨ ਦੇ ਨਾਲ-ਨਾਲ ਇਨਸਾਫ ਪ੍ਰਾਪਤੀ ਲਈ ਪੰਜਾਬ ਤੋਂ ਜਾ ਕੇ ਯੂ.ਪੀ. ‘ਚ ਲੰਬੀ ਕਾਨੂੰਨੀ ਚਾਰਾਜੋਈ ਉਪਰੰਤ, ਜੋ ਬੀਤੇ ਕੱਲ੍ਹ ਅਦਾਲਤ ਵੱਲੋਂ ਫਰਜ਼ੀ ਮੁਕਾਬਲੇ ‘ਚ ਮਾਰੇ ਸਿੱਖ ਨੌਜਵਾਨਾਂ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ, ਉਸ ਨਾਲ ਮਨ ਨੂੰ ਤਸੱਲੀ ਹੋਈ ਤੇ ਕੁਝ ਇਨਸਾਫ ਦੀ ਕਿਰਨ ਜਾਗੀ ਹੈ ।

ਉਨ੍ਹਾਂ ਦੱਸਿਆ ਕਿ ਮੇਰੇ ਵਿਆਹ ਨੂੰ ਅਜੇ 5-7 ਮਹੀਨੇ ਹੀ ਹੋਏ ਸਨ ਕਿ ਮੇਰੇ ਪਤੀ ਹਰਮਿੰਦਰ ਸਿੰਘ ਮਿੰਟਾ ਨੂੰ ਯੂ.ਪੀ. ਪੁਲਿਸ ਨੇ ਫਰਜ਼ੀ ਮੁਕਾਬਲੇ ‘ਚ ਮਾਰ ਦਿੱਤਾ ਤੇ ਅਣਦੱਸੀ ਥਾਂ ‘ਤੇ ਅੰਤਿਮ ਸੰਸਕਾਰ ਵੀ ਕਰ ਦਿੱਤਾ, ਜਿਸ ਦੇ ਕਰੀਬ ਪੰਜ ਮਹੀਨਿਆਂ ਬਾਅਦ ਮੇਰੀ ਬੇਟੀ ਮਨਪ੍ਰੀਤ ਕੌਰ ਨੇ ਜਨਮ ਲਿਆ ।

ਇਸ ਮੌਕੇ ਹਰਮਿੰਦਰ ਸਿੰਘ ਸਤਕੋਹਾ ਦੀ ਬਜ਼ੁਰਗ ਮਾਂ ਸੁਖਵਿੰਦਰ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਜਿਸ ਤਰ੍ਹਾਂ ਮੇਰੇ ਲਾਡਲੇ ਪੁੱਤ ਜਾਲਮ ਪੁਲਿਸ ਵਾਲਿਆਂ ਨੇ ਅਜਾਂਈ ਮੌਤੇ ਮਾਰਿਆ, ਹੁਣ ਪੁਲਿਸ ਵਾਲਿਆਂ ਨੂੰ ਮੌਤ ਦੀ ਹੀ ਸਜ਼ਾ ਹੋਣੀ ਚਾਹੀਦੀ ਹੈ ।

ਪੰਜਾਬੀ ਅਖਬਾਰ ਅਜੀਤ ਵਿੱਚੋਂ ਧੰਨਵਾਦ ਸਾਹਿਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,