October 20, 2014 | By ਸਿੱਖ ਸਿਆਸਤ ਬਿਊਰੋ
ਲੰਡਨ ( 20 ਅਕੂਬਰ, 2014): ਪਿੱਛਲੇ ਦਿਨੀ ਸਿੱਖ ਕੌਮ ਦੀ ਅਜ਼ਾਦੀ ਲਈ ਲੜੇ ਗਏ ਸੰਘਰਸ਼ ਦੇ ਨਾਇਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਿੱਠ ਵਿੱਚ ਦਰਦ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕਰਨ ਦੇ ਕਾਰੇ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਅਖੰਡ ਕੀਰਤੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਵਲੋਂ ਦਿੱਲੀ ਪੁਲਿਸ ਦੇ ਇਸ ਧੱਕੜ ਅਤੇ ਅਣਮਨੁੱਖੀ ਵਤੀਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ ।
ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਤਿਹਾੜ ਜੇਹਲ ਵਿੱਚ ਬੰਦ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੇ ਨਾਇਕ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਲਿਆਉਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ।
ਭਾਰਤ ਵਿੱਚ ਸਿੱਖਾਂ ਨਾਲ ਪੈਰ ਪੈਰ ‘ਤੇ ਕੀਤੇ ਜਾ ਰਹੇ ਵਿਤਕਰੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਪਾਸੇ ਗੈਰ ਸਿੱਖ ਅਪਰਾਧੀ ਜਿਹੜੇ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਤੇ ਜ਼ੁਲਮ ਕਰਨ ਦੇ ਦੋਸ਼ੀ ਹਨ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ , ਅਗਰ ਕਿਸੇ ਨੂੰ ਗ੍ਰਿਫਤਾਰ ਕੀਤਾ ਵੀ ਜਾਂਦਾ ਹੈ ਤਾਂ ਉਸ ਨੂੰ ਜੇਹਲ ਵਿੱਚ ਹੋਸਟਲ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆ ਹਨ ਅਤੇ ਕੁੱਝ ਸਮਾਂ ਜੇਹਲ ਵਿੱਚ ਰੱਖਣ ਮਗਰੋਂ ਉਸ ਨੂੰ ਬਰੀ ਕਰਕੇ ਘਰ ਭੇਜ ਦਿੱਤਾ ਜਾਂਦਾ ਹੈ ਜਦਕਿ ਅਨੇਕਾਂ ਸਿੱਖ ਵੀਹ ਵੀਹ ਸਾਲ ਤੋਂ ਜੇਹਲਾਂ ਵਿੱਚ ਬੰਦ ਹਨ ਉਹਨਾਂ ਪ੍ਰਤੀ ਅਦਾਲਤਾਂ ਅਤੇ ਪ੍ਰਸਾਸ਼ਨ ਆਏ ਦਿਨ ਕਰੜਾ ਰੁੱਖ ਅਖਤਿਆਰ ਕਰ ਰਿਹਾ ਹੈ ।
ਉਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਾਵਾਰਾ ਸਿਹਤ ਪੱਖੋਂ ਕਾਫੀ ਕਮਜ਼ੋਰ ਹੈ ੳਸਦੀ ਪਿੱਠ ਵਿੱਚ ਸਖਤ ਦਰਦ ਕਾਰਨ ਦਿੱਲੀ ਦੇ ਏਮਸ ਹਸਪਤਾਲ ਤੋਂ ਇਲਾਜ ਹੋ ਰਿਹਾ ਹੈ ਇਸ ਹਾਲਤ ਵਿੱਚ ਉਸ ਨੂੰ ਬੇੜੀਆਂ ਲਗਾਉਣ ਦਾ ਮਕਸਦ ਸਿੱਖ ਨੌਜਵਾਨਾਂ ਵਿੱਚ ਦਹਿਸ਼ਤ ਪੈਦਾ ਕਰਨਾ ਹੀ ਹੋ ਸਕਦਾ ਹੈ , ਪਰ ਸਰਕਾਰ ਅਤੇ ਪੁਲਿਸ ਦੇ ਅਜਿਹੇ ਹੱਥਕੰਡੇ ਸਿੱਖ ਕੌਮ ਦੀ ਮਾਨਸਿਕਤਾ ਵਿੱਚੋਂ ਕੌਮੀ ਅਜ਼ਾਦੀ ਦੀ ਉਮੰਗ ਅਤੇ ਸੰਕਲਪ ਨੂੰ ਠੰਡਾ ਨਹੀਂ ਕਰ ਸਕਦੇ ,ਸਿੱਖ ਕੌਮ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਜਾਰੀ ਰੱਖੇਗੀ ।
ਉਨਾਂ ਇਹ ਵੀ ਦੱਸਿਆ ਕਿ ਭਾਈ ਜਗਤਾਰ ਸਿੰਘ ਹਾਵਾਰਾ ਨਾਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਵਿਦੇਸ਼ਾਂ ਦੇ ਜੰਮਪਲ ਸਿੱਖ ਨੌਜਵਾਨਾਂ ਵਿੱਚ ਭਾਈ ਹਾਵਾਰਾ ਪ੍ਰਤੀ ਖਾਸ ਸਨੇਹ ਹੈ ।
ਸਿੱਖ ਜਥੇਬੰਦੀਆਂ ਵਲੋਂ ਭਾਈ ਜਗਤਾਰ ਸਿੰਘ ਹਾਵਾਰਾ ਅਤੇ ਭਾਈ ਦਇਆ ਸਿੰਘ ਲਾਹੌਰੀਆ ਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਭਾਰਤ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਜੇਹਲਾਂ ਵਿੱਚ ਬੰਦ ਸਿੱਖ ਦੀ ਮਾੜੀ ਹਾਲਤ ਬਾਰੇ ਚਿੰਤਤ ਹੁੰਦੇ ਹੋਏ ਅਵਾਜ਼ ਬੁਲੰਦ ਕਰਨ ।
Related Topics: Akhand Kirtani Jatha International, Bhai Jagtar Singh Hawara, Sikhs in Jails, Sikhs In UK, United Khalsa Dal U.K