June 16, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤ ਵਿਚ ਕੈਦ ਕੀਤੇ ਗਏ ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਨਾਲ ਬਰਤਾਨਵੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਨਿਜੀ ਮੁਲਾਕਾਤ ਦੀ ਪਰਵਾਨਗੀ ਨਾ ਦੇਣ ਦੇ ਇਲਜ਼ਾਮ ਜਿੱਥੇ ਪੰਜਾਬ ਪੁਲਿਸ ਅਤੇ ਭਾਰਤ ਦੀ ਕੌਮੀ ਜਾਂਚ ਅਜੈਂਸੀ ਐਨ.ਆਈ.ਏ ੳੇੱਤੇ ਲਗਦੇ ਰਹੇ ਹਨ ਉੱਥੇ ਉਨ੍ਹਾਂ ਹੀ ਲੀਹਾਂ ‘ਤੇ ਚਲਦਿਆਂ ਬਰਤਾਨਵੀ ਅਧਿਕਾਰੀਆਂ ਨੇ ਵੀ ਜਗਤਾਰ ਸਿੰਘ ਜੱਗੀ ਦੇ ਪੰਜਾਬ ਵਿਚ ਕੇਸ ਲੜ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਜੱਗੀ ਦੇ ਪਰਿਵਾਰ ਨਾਲ ਮੁਲਾਕਾਤ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਹਾਸਿਲ ਜਾਣਕਾਰੀ ਮੁਤਾਬਿਕ ਜਗਤਾਰ ਸਿੰਘ ਜੱਗੀ ਦੇ ਭਾਰਾ ਗੁਰਪ੍ਰੀਤ ਸਿੰਘ ਵਲੋਂ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਕੇਸ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਬਰਤਾਨੀਆ ਸੱਦਿਆ ਗਿਆ ਸੀ। ਬਰਤਾਨਵੀ ਅਫਸਰਾਂ ਨੂੰ ਭੇਜੀ ਚਿੱਠੀ ਵਿਚ ਜੱਗੀ ਦੇ ਭਰਾ ਨੇ ਆਪਣੇ ਭਰਾ ਦੀ ਗ੍ਰਿਫਤਾਰੀ ਅਤੇ ਤਸ਼ੱਦਦ ਦੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਹੋਰ ਜੀਅ ਦਾ ਭਾਰਤ ਜਾਣਾ ਸੁਰੱਖਿਅਤ ਨਹੀਂ। ਇਸ ਲਈ ਉਹ ਵਕੀਲ ਨੂੰ ਬਰਤਾਨੀਆ ਬੁਲਾ ਕੇ ਉਸ ਨਾਲ ਕੇਸ ਸਬੰਧੀ ਸਾਰੀ ਗੱਲਬਾਤ ਕਰਨੀ ਚਾਹੁੰਦੇ ਹਨ।
ਪਰ ਬਰਤਾਨਵੀ ਹਾਈ ਕਮਿਸ਼ਨ ਨੇ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਬਰਤਾਨੀਆ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਬਰਤਾਨਵੀ ਹਾਈ ਕਮਿਸ਼ਨ ਨੇ ਬੜੇ ਹਾਸੋਹੀਣੇ ਅਧਾਰ ‘ਤੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕੀਤਾ ਹੈ ਕਿ ਜੇ ਉਨ੍ਹਾਂ ਨੂੰ ਵੀਜ਼ਾ ਦੇ ਦਿੱਤਾ ਗਿਆ ਤਾਂ ਉਹ ਉੱਥੇ ਰੁਕਣ ਦੀ ਸਮਾਂ ਹੱਦ ਤੋਂ ਬਾਅਦ ਵੀ ਬਰਤਾਨੀਆ ਤੋਂ ਵਾਪਿਸ ਨਹੀਂ ਪਰਤਣਗੇ।
ਜਸਪਾਲ ਸਿੰਘ ਮੰਝਪੁਰ ਨੇ ਕਿਹਾ, “ਜਿੱਥੇ ਭਾਰਤੀ ਰਾਜ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਬਰਤਾਨਵੀ ਹਾਈ ਕਮਿਸ਼ਨ ਨੂੰ ਨਿਜੀ ਮੁਲਾਕਾਤ ਦੀ ਪ੍ਰਵਾਨਗੀ ਨਹੀਂ ਦਿੱਤੀ, ਉਸੇ ਤਰ੍ਹਾਂ ਬਰਤਾਨਵੀ ਹਾਈ ਕਮਿਸ਼ਨ ਨੇ ਵੀ ਆਪਣੇ ਨਾਗਰਿਕ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੇ ਵਕੀਲ ਨਾਲ ਮੁਲਾਕਾਤ ਕਰਕੇ ਕੇਸ ਸਬੰਧੀ ਜਾਣਕਾਰੀ ਲੈਣ ਤੋਂ ਰੋਕਿਆ ਹੈ।
ਉਨ੍ਹਾਂ ਕਿਹਾ, “ਐਨ.ਆਈ.ਏ ਨੇ ਜਗਤਾਰ ਸਿੰਘ ਜੱਗੀ ਖਿਲਾਫ ਲਗਭਗ ਅੱਧੀ ਦਰਜਨ ਕੇਸਾਂ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਬਾਕੀ ਹੋਰ ਕੇਸਾਂ ਵਿਚ ਚਾਰਜਸ਼ਟਿ ਛੇਤੀ ਦਾਖਲ ਹੋਣ ਦੀ ਉਮੀਦ ਹੈ। ਪੰਜਾਬ ਪੁਲਿਸ ਨੇ ਵੀ ਬਾਘਾਪੁਰਾਣਾ ਕੇਸ ਵਿਚ ਜੱਗੀ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਇਹਨਾਂ ਚਾਰਜਸ਼ੀਟਾਂ ‘ਤੇ ਬਹਿਸ ਅਦਾਲਤਾਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਣ ਦੀ ਆਸ ਹੈ। ਇਸ ਕਾਰਨ ਜਗਤਾਰ ਸਿੰਘ ਜੱਗੀ ਦਾ ਕੇਸ ਸਹੀ ਢੰਗ ਨਾਲ ਅਦਾਲਤ ਵਿਚ ਰੱਖਣ ਲਈ ਜ਼ਰੂਰੀ ਸੀ ਕਿ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇ ਜੋ ਡਰ ਕਾਰਨ ਭਾਰਤ ਨਹੀਂ ਆ ਸਕਦੇ।”
ਉਨ੍ਹਾਂ ਕਿਹਾ, “ਮੇਰੀ ਸਮਝ ਅਨੁਸਾਰ ਬਰਤਾਨੀਆ ਸਰਕਾਰ ਖੁਦ ਆਪਣੇ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਉਸਦੇ ਪਰਿਵਾਰ ਲਈ ਮੁਸ਼ਕਿਲਾਂ ਖੜੀਆਂ ਕਰ ਰਹੀ ਹੈ ਅਤੇ ਇਸ ਤਰ੍ਹਾਂ ਅਜ਼ਾਦ ਅਤੇ ਨਿਰਪੱਖ ਜਾਂਚ ਦੀ ਸੰਭਾਵਨਾ ਉੱਤੇ ਵੱਡਾ ਖਤਰਾ ਬਣਿਆ ਹੋਇਆ ਹੈ।
Related Topics: Bristish Government, British High Commissioner in India, Government of India, Jagtar Singh Johal alias Jaggi (UK), Jaspal Singh Manjhpur (Advocate), Punjab Police