July 28, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ (SDPI) ਨੇ ਬੀਤੇ ਦਿਨੀਂ (23 ਜੁਲਾਈ ਨੂੰ) ਦਿੱਲੀ ਦੇ ਜੰਤਰ-ਮੰਤਰ ‘ਤੇ ਗੁਜਰਾਤ ਦੇ ਊਨਾ ਵਿਖੇ ਮਰੀ ਹੋਈ ਗਊ ਦੀ ਖੱਲ੍ਹ ਲਾਹੁਣ ਦੇ ‘ਦੋਸ਼’ ‘ਚ ਦਲਿਤਾਂ ਦੀ ਮਾਰ-ਕੁਟ ਵਿਰੁੱਧ ਰੋਸ ਮੁਜਾਹਰਾ ਕੀਤਾ। ਊਨਾ ਵਿਖੇ ਵਾਪਰੀ ਘਟਨਾ ਦੌਰਾਨ ਕੁੱਟ-ਮਾਰ ਤੋਂ ਬਾਅਦ ਦਲਿਤਾਂ ਨੂੰ ਅਣਮਨੁੱਖੀ ਤਰੀਕੇ ਨਾਲ ਬੰਨ੍ਹ ਕੇ ਉਨ੍ਹਾਂ ਦੀ ਪਰੇਡ ਕਰਾਉਂਦੇ ਹੋਏ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਸੀ।
ਭਾਰਤੀ ਰਾਜਧਾਨੀ ਵਿਖੇ ਹੋਏ ਧਰਨੇ ਵਿਚ ਪਾਰਟੀ ਦੇ ਜਨਰਲ ਸਕੱਤਰ ਇਲਯਾਸ ਮੁਹੰਮਦ ਟੁੰਬੇ ਨੇ ਕਿਹਾ ਕਿ ਇਹ ਮੋਦੀ ਦੀ ਅਗਵਾਈ ਵਾਲੀਆਂ ਬ੍ਰਾਹਮਣਵਾਦੀ ਤਾਕਤਾਂ ਹਨ, ਜੋ ਕਿ ਸਦੀਆਂ ਤੋਂ ਦਲਿਤਾਂ ਨੂੰ ਇਸ ਧਰਤੀ ‘ਤੇ ਦਬਾ ਕੇ ਰੱਖ ਰਹੀਆਂ ਹਨ, ਇਸਦਾ ਹੁਣ ਅੰਤ ਹੋਣਾ ਚਾਹੀਦਾ ਹੈ ਤਾਂ ਜੋ ਸ਼ਾਂਤੀ ਕਾਇਮ ਹੋਵੇ।
ਇਲਯਾਸ ਨੇ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਇਕ ਲਾਈਨ ਖਿੱਚੀ ਜਾਵੇ ਅਤੇ ਸਮਾਜ ਨੂੰ ਤੋੜਨ ਵਾਲੀ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖਿਲਾਫ ਖੜ੍ਹੇ ਹੋਣ ਦਾ। ਇਸ ਸੱਚ ਨੂੰ ਨਹੀਂ ਭੁੱਲਿਆ ਜਾ ਸਕਦਾ ਕਿ ਦਲਿਤ, ਆਦਿਵਾਸੀ ਅਤੇ ਮੁਸਲਮਾਨ ਬਹੁਤ ਗੰਭੀਰ ਖਤਰੇ ਦੇ ਹਾਲਤਾਂ ਵਿਚ ਹਮੇਸ਼ਾ ਅਤੇ ਹਰ ਥਾਂ ਰਹਿ ਰਹੇ ਹਨ। ਸਰਕਾਰ ਨੂੰ ਪੀੜਤਾਂ ਨੂੰ ਸ਼ਾਂਤੀ ਦੀ ਅਪੀਲ ਕਰਨ ਦੀ ਬਜਾਏ ਅਖੌਤੀ “ਗਊ ਰਖਿਅਕਾਂ” ਨੂੰ ਸੰਗਲ ਪਾਉਣੇ ਚਾਹੀਦੇ ਹਨ, ਜਿਹੜੇ ਉਹ ਜ਼ੁਲਮ ਕਰ ਰਹੇ ਹਨ ਉਨ੍ਹਾਂ ਲਈ। ਗਊ ਰਖਿਆ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ “ਗਊ ਰਖਿਅਕ” ਕਰਨੀ ਚਾਹੁੰਦੇ ਹਨ।”
ਐਸ.ਡੀ.ਪੀ.ਆਈ. ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਐਡਵੋਕੇਟ ਅਸਲਮ ਨੇ ਆਪਣੇ ਸੰਬੋਧਨ ‘ਚ ਕਿਹਾ ਇਹ ਲੜਾਈ ਹੁਣ ਆਰ.ਐਸ.ਐਸ./ ਭਾਜਪਾ ਬਨਾਮ ਦਲਿਤ, ਐਸ.ਸੀ./ਐਸ.ਟੀ., ਪਾਟੀਦਾਰ, ਪਿਛੜਿਆਂ, ਘੱਟਗਿਣਤੀਆਂ ਅਤੇ ਦੂਜਿਆਂ ਦੀ ਹੋਂਦ ਨੂੰ ਸਵੀਕਾਰ ਕਰਨ ਵਾਲਿਆਂ ਵਿਚ ਹੈ। ਗੁਜਰਾਤ ਘੱਟਗਿਣਤੀ, ਦਲਿਤ, ਆਦਿਵਾਸੀਆਂ ਅਤੇ ਗਰੀਬੀ ਰੇਖਾ ਤੋਂ ਥੱਲ੍ਹੇ ਰਹਿਣ ਵਾਲਿਆਂ ਦੀ ਰਾਖੀ ਕਰਨ ਵਿਚ ਫੇਲ੍ਹ ਹੋਇਆ ਹੈ।
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/2apbIC9
ਇਸ ਧਰਨਾ ਪ੍ਰਦਰਸ਼ਨ ਵਿਚ ਸੱਜੇ ਪੱਖੀ ਨੁਮਾਇੰਦਿਆਂ ਵਲੋਂ ਸੀ.ਆਰ.ਆਈ. ਦੀ ਰੀਤਾ ਅਬਰਾਹਮ, ਇਨਸਾਫ ਵਲੋਂ ਮਨੋਜ ਕੁਮਾਰ, ਬਾਮਸੇਫ ਵਲੋਂ ਡਾ. ਰਾਹੁਲ, ਐਸ.ਡੀ.ਪੀ.ਆਈ. ਦੇ ਕੌਮੀ ਸਕੱਤਰ ਮੁਹੰਮਦ ਰਫੀਕ ਜੱਬਾਰ ਮੁੱਲਾ, ਦਿੱਲੀ ਦੇ ਮੀਤ ਪ੍ਰਧਾਨ ਇਰਫਾਨ ਅਹਿਮਦ, ਆਈ.ਏ. ਖਾਨ, ਨਾਵੇਦ ਅਜ਼ੀਮ, ਡਾ. ਨਵਾਬ, ਵਕੀਲ ਜੌਹਰੀ, ਮੁਸਲੀਹੁਦੀਨ, ਰਈਸ ਅਹਿਮਦ, ਗ਼ੁਲਾਮ ਅਲੀ, ਮੁਹੰਮਦ ਆਮਿਰ, ਮੁਹੰਮਦ ਉਜ਼ੈਰ, ਦਾਨਿਸ਼ ਸਮੇਤ ਸੈਂਕੜਿਆਂ ਦੀ ਤਾਦਾਦ ਵਿਚ ਪਾਰਟੀ ਵਰਕਰ ਅਤੇ ਹੋਰ ਕੌਮਾਂ ਦੇ ਮੈਂਬਰ ਵੀ ਸ਼ਾਮਲ ਸਨ।
Related Topics: Atrocities on Dalits in India, Human Rights, Social Democratic Party of India (SDPI)