October 28, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਅਤੇ ਆਵਾਜ਼-ਏ-ਪੰਜਾਬ ਵਿਚਕਾਰ ਗੱਲਬਾਤ ਦਾ ਗੇੜ ਮੁੜ ਸ਼ੁਰੂ ਹੋ ਗਿਆ ਹੈ। ‘ਆਪ’ ਦੀ ਲੀਡਰਸ਼ਿਪ ਵੱਲੋਂ ਗਾਏ ਜਾ ਰਹੇ ਸੋਹਲਿਆਂ ਤੋਂ ਸੰਕੇਤ ਮਿਲੇ ਹਨ ਕਿ ਆਵਾਜ਼-ਏ-ਪੰਜਾਬ ਦੀ ਸੁਰ ‘ਆਪ’ ਨਾਲ ਜੁੜ ਸਕਦੀ ਹੈ। ‘ਆਪ’ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਪੰਜਾਬ ਨੂੰ ਬਾਦਲ ਰਾਜ ਤੋਂ ਆਜ਼ਾਦ ਕਰਵਾਉਣਾ ਹੈ ਅਤੇ ਸਿੱਧੂ ਜੋੜੀ ਵੀ ਲਗਾਤਾਰ ਬਾਦਲ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਡਟ ਕੇ ਬੋਲਦੀ ਰਹੀ ਹੈ।
ਸੰਜੇ ਸਿੰਘ ਨੇ ਪਿਛਲੇ ਸਮੇਂ ਸਿੱਧੂ ਵੱਲੋਂ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਵਿਰੁੱਧ ਕੀਤੀਆਂ ਤਿੱਖੀਆਂ ਟਿੱਪਣੀਆਂ ਬਾਰੇ ਕਿਹਾ ਕਿ ਵਿਅਕਤੀਗਤ ਤੌਰ ’ਤੇ ਸਿਆਸੀ ਆਗੂਆਂ ਵਿੱਚ ਅਜਿਹੀ ਨੋਕ-ਝੋਕ ਚੱਲਦੀ ਰਹਿੰਦੀ ਹੈ ਪਰ ਉਹ ਪੰਜਾਬ ਦੀ ਭਲਾਈ ਚਾਹੁਣ ਵਾਲਿਆਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਇਕੱਲੇ ਸਿੱਧੂ ਨਾਲ ਹੀ ਨਹੀਂ ਸਗੋਂ ਆਵਾਜ਼-ਏ-ਪੰਜਾਬ ਦੇ ਹੋਰ ਆਗੂਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਤੇ ਓਲੰਪੀਅਨ ਪਰਗਟ ਸਿੰਘ ਨਾਲ ਸਾਂਝੀ ਗੱਲਬਾਤ ਚੱਲ ਰਹੀ ਹੈ। ਜਿਹੜਾ ਵੀ ਫ਼ੈਸਲਾ ਹੋਵੇਗਾ ਸਮੁੱਚੇ ਤੌਰ ’ਤੇ ਆਵਾਜ਼-ਏ-ਪੰਜਾਬ ਦੀ ਟੀਮ ਨਾਲ ਹੀ ਹੋਵੇਗਾ।
ਸੰਜੇ ਸਿੰਘ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਵਾਜ਼-ਏ-ਪੰਜਾਬ ਦਾ ਪਾਰਟੀ ਵਿੱਚ ਰਲੇਵਾਂ ਕਰਨਾ ਹੈ ਜਾਂ ਗੱਠਜੋੜ ਬਣਾਉਣਾ ਹੈ, ਇਸ ਦਾ ਫ਼ੈਸਲਾ ਦੋਵੇਂ ਧਿਰਾਂ ਵੱਲੋਂ ਕਿਸੇ ਅੰਤਿਮ ਸਿੱਟੇ ’ਤੇ ਪੁੱਜਣ ’ਤੇ ਹੀ ਸਪੱਸ਼ਟ ਹੋ ਸਕੇਗਾ। ਉਨ੍ਹਾਂ ਕਿਹਾ ਕਿ ‘ਆਪ’ 100 ਤੋਂ ਵੱਧ ਸੀਟਾਂ ਹਾਸਲ ਕਰਕੇ ਰਵਾਇਤੀ ਪਾਰਟੀਆਂ ਦਾ ਸਫ਼ਾਇਆ ਕਰ ਦੇਵੇਗੀ।
ਇਸ ਦੌਰਾਨ ‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਵੀ ਪੁਸ਼ਟੀ ਕੀਤੀ ਕਿ ਸਿੱਧੂ ਦੀ ਟੀਮ ਨਾਲ ਪਾਰਟੀ ਦੀ ਬੁਨਿਆਦੀ ਤੌਰ ’ਤੇ ਗੱਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਚੰਗਾ ਅਤੇ ਬੇਦਾਗ਼ ਇਨਸਾਨ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਲਿਆਂਦਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹਰੇਕ ਨੂੰ ਬਿਨਾਂ ਸ਼ਰਤ ਹੀ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੰਜੇ ਸਿੰਘ ਤੇ ਗੁਰਪ੍ਰੀਤ ਵੜੈਚ (ਘੁੱਗੀ) ਨੇ ਕੰਵਰ ਸੰਧੂ ਅਤੇ ਹਿੰਮਤ ਸਿੰਘ ਸ਼ੇਰਗਿੱਲ ਨਾਲ ਪ੍ਰੈੱਸ ਕਾਨਫ਼ਰੰਸ ਕਰਕੇ ਐਲਾਨ ਕੀਤਾ ਕਿ ਪਾਰਟੀ ਆਗੂ 29 ਅਕਤੂਬਰ ਤੋਂ 7 ਨਵੰਬਰ ਤੱਕ ਪੰਜਾਬ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨਗੇ।
ਇਸ ਦੌਰਾਨ ਕਿਸਾਨਾਂ ਨੂੰ ਕੇਜਰੀਵਾਲ ਦੇ ਦਸਤਖ਼ਤਾਂ ਵਾਲਾ ‘ਕਰਜ਼ਾ ਮੁਕਤੀ ਸੰਕਲਪ’ ਵੀ ਦਿੱਤਾ ਜਾਵੇਗਾ। ਮੀਡੀਆ ‘ਚ ਇਹ ਗੱਲ ਦੀ ਚਰਚਾ ਵੀ ਹੈ ਕਿ ‘ਆਪ’ ਨੇ ਸਿੱਧੂ ਨੂੰ ਉਪ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਸਿੱਧੂ ‘ਆਪ’ ਆਗੂਆਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਸੰਭਾਵੀ ਉਮੀਦਵਾਰ ਦੀ ਜਾਣਕਾਰੀ ਦੇਣ ਲਈ ਕਹਿ ਰਹੇ ਹਨ। ਉਂਜ ਇਸ ਬਾਰੇ ‘ਆਪ’ ਦਾ ਕੋਈ ਆਗੂ ਪੁਸ਼ਟੀ ਨਹੀਂ ਕਰ ਰਿਹਾ।
Related Topics: Aam Aadmi Party, Arvind Kejriwal, Awaaz-e-Punjab Party, navjot singh sidhu, Punjab Politics, Punjab Polls 2017