ਗੁਰਦਾਸਪੁਰ, ਪੰਜਾਬ (20 ਜੂਨ, 2012): ਗੁਰਦਾਸਪੁਰ ਸ਼ਹਿਰ 'ਚ 29 ਮਾਰਚ ਨੂੰ ਹੋਏ ਗੋਲੀ ਕਾਂਡ, ਜਿਸ ਵਿਚ ਇੰਜੀਨੀਅਰਿੰਗ ਦੇ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਸੀ, ਦੇ ਦੋਸ਼ੀ ਪੁਲਿਸ ਮੁਲਜਮਾਂ ਖਿਲਾਫ ਕਾਰਵਾਈ ਲਈ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਸੰਗਤਾਂ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਇਨਸਾਫ਼ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹੀਦ ਭਾਈ ਜਸਪਾਲ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਡੀ. ਸੀ. ਦਫਤਰ ਪੁੱਜਾ।
ਲੁਧਿਆਣਾ (5 ਜੂਨ, 2012): ਜਨੇਵਾ ਵਿਚ ਯੂਨਾਈਟਿਡ ਨੇਸ਼ਨਜ਼ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਸਾਲਾਨਾ ਵਿਸ਼ਲੇਸ਼ਣ ਦੌਰਾਨ ਭਾਰਤ ਵਲੋਂ ਫੌਜਾਂ ਨੂੰ ਵਿਸ਼ੇਸ਼ ਸ਼ਕਤੀਆਂ, ਫਿਰਕੂ ਹਿੰਸਾ, ਜਬਰੀ ਗੁੰਮਸ਼ੁਦਗੀਆਂ, ਬਾਲ-ਮਜਦੂਰੀ ਅਤੇ ਮੌਤ ਦੀ ਸਜ਼ਾ ਬਾਰੇ ਕੋਈ ਸਪੱਸ਼ਟ ਜਵਾਬ ਨਾ ਦੇਣ ਕਾਰਣ ਯੂਨਾਈਟਿਡ ਨੇਸ਼ਨਜ਼ ਸਾਹਮਣੇ ਸ਼ਰਮਸ਼ਾਰ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਭਾਰਤ ਆਪਣੇ ਜਨਮ 1947 ਤੋਂ ਲੈ ਕੇ ਹੀ ਲਗਾਤਾਰ ਦਿਖਾਵੇ ਲਈ ਲੋਕਤੰਤਰ ਤੇ ਧਰਮ ਨਿਰਪੱਖ ਹੋਣ ਦਾ ਢੌਂਗ ਰਚੀ ਬੈਠਾ ਹੈ ਪਰ ਬ੍ਰਾਹਮਣਵਾਦੀ ਰਾਜ ਵਲੋਂ ਹਮੇਸ਼ਾ ਹੀ ਘੱਟਗਿਣਤੀਆਂ, ਦਲਿਤਾਂ, ਔਰਤਾਂ ਤੇ ਪਛੜੇ ਵਰਗਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਹੈ।ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਨੇ ਜੂਨ 84 ਘੱਲੂਘਾਰੇ ਦੀ 28ਵੀਂ ਸਾਲਾਨਾ ਯਾਦ ਵਿਚ ਪਰਗਟਾਏ।
ਲੁਧਿਆਣਾ (03 ਜੂਨ, 2012): ਅਕਾਲੀ ਦਲ ਪੰਚ ਪ੍ਰਧਾਨੀ ਦੀ ਵੈਬਸਾਈਟ ਉੱਤੇ 31 ਮਈ, 2012 ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ "ਸਿੱਖ ਜੋੜਿਆਂ ਦੇ ਵਿਆਹ ਦਰਜ਼ ਕਰਾਉਂਣ ਲਈ ਅਨੰਦ ਮੈਰਿਜ ਐਕਟ ਵਿਚ ਨਵੀਂ ਮੱਦ ਬਣਾਉਂਣ ਦੇ ਅਮਲ ਨੂੰ ਅਕਾਲੀ ਦਲ ਪੰਚ ਪਰਧਾਨੀ ਸਮਝਦਾ ਹੈ ਕਿ ਇਹ ਅੱਧੀ-ਅਧੂਰੀ ਕਾਰਵਾਈ ਦੇ ਸ਼ੋਰਗੁੱਲ ਵਿਚ ਦਿੱਲੀ ਤਖ਼ਤ ਅਸਲ ਸਿੱਖ ਮੁੱਦਿਆਂ ਤੋਂ ਧਿਆਨ ਹਟਾਉਂਣਾ ਚਾਹੁੰਦਾ ਹੈ।" ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਐਕਟ ਵਿਚ ਨਵੀਂ ਮੱਦ ਬਣਾਉਂਣ ਦਾ ਫੌਰੀ ਕਾਰਨ ਵਿਸ਼ਵ ਭਰ ਵਿਚ ਸਥਾਪਤ ਹੋ ਰਹੀ ਨਿਆਰੀ ਸਿੱਖ ਪਹਿਚਾਣ ਦੇ ਦਬਾਅ ਅਧੀਨ ਦਿੱਲੀ ਤਖ਼ਤ ਵਲੋਂ ਵਿਸ਼ਵ ਭਾਈਚਾਰੇ ਅੱਗੇ ਆਪਣੇ ਧਰਮ ਨਿਰਪੱਖ ਚੇਹਰੇ ਨੂੰ ਬਣਾਉਂਣ ਦਾ ਯਤਨ ਅਤੇ ਕੁਝ ਘਰੇਲੂ ਵੋਟ ਰਾਜਨੀਤੀ ਦੀਆਂ ਮਜਬੂਰੀਆਂ ਹਨ।
ਲੁਧਿਆਣਾ (24 ਮਈ, 2012): ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ (ਬਿੱਟੂ) ਨੇ ਅੱਜ ਅਕਾਲੀ ਦਲ ਦੇ ਨਾਂ ਉੱਤੇ ਕੀਤੀ ਜਾ ਰਹੀ ਸਿਧਾਂਤ ਹੀਣ ਅਤੇ ਮੌਕਾ-ਪ੍ਰਸਤ ਸਿਆਸਤ ਬਾਰੇ ਇਕ ਵਿਸਤਾਰਤ ਬਿਆਨ ਰਾਹੀਂ ਗੰਭੀਰ ਟਿੱਪਣੀਆਂ ਕੀਤੀਆਂ ਹਨ ਅਤੇ ਸਿੱਖ ਸਿਆਸਤ ਦੇ ਕਈ ਜਰੂਰੀ ਪੱਖਾਂ ਬਾਰੇ ਆਪਣੀ ਪਹੁੰਚ ਸਾਂਝੀ ਕੀਤੀ ਹੈ।
ਸ਼੍ਰੀ ਅੰਮ੍ਰਿਤਸਰ, ਪੰਜਾਬ (20 ਮਈ 2012): ਜਿਥੇ ਅੱਜ ਜੂਨ 1984 ਵਿਚ ਸ਼ਹੀਦ ਹੋਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਸਾਬਕਾ ਪ੍ਰਧਾਨ ਏ ਆਈ ਐਸ ਐਸ ਐਫ, ਸ਼ਹੀਦ ਜਨਰਲ ਸੁਬੇਗ ਸਿੰਘ ਤੇ ਅਨੇਕਾਂ ਹੋਰ ਸ਼ਹੀਦ ਸਿੰਘਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਉਥੇ ਹੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹਦਾਇਤਾਂ ਤਹਿਤ ਸਯੰਕਤ ਰਾਸ਼ਟਰ ਅੱਗੇ ਦਾਇਰ ਕੀਤੀ ਜਾਣ ਵਾਲੀ ਨਸਲਕੁਸ਼ੀ ਪਟੀਸ਼ਨ ਦੇ ਸਮਰਥਨ ਵਿਚ ਦਸ ਲੱਖ ਦਸਤਖਤ ਇਕੱਠੇ ਕਰਨ ਲਈ ‘1984 ਹਾਂ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ ਕੀਤੀ ਹੈ।
ਸ਼੍ਰੀ ਅੰਮ੍ਰਿਤਸਰ, ਪੰਜਾਬ (29 ਅਪ੍ਰੈਲ, 2012): 29 ਅਪ੍ਰੈਲ, 1986 ਨੂੰ ਕੀਤੇ ਗਏ ਸਿੱਖ ਰਾਜ ਖਾਲਸਤਾਨ ਦੇ ਐਲਾਨ ਦੀ ਵਰ੍ਹੇਗੰਢ ਮੌਕੇ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਰਾਹੀਂ ਜਿੱਥੇ ਜਥੇਬੰਦੀ ਦੇ ਆਗੂਆਂ ਨੇ ਖਾਲਸਤਾਨ ਦੇ ਸੰਘਰਸ਼ ਲਈ "ਤਨ-ਮਨ ਤੇ ਧਨ" ਨਾਲ ਸੇਵਾ ਕਰਨ ਵਾਲੇ ਸਮੂਹ ਮਾਈ-ਭਾਈ ਤੇ ਇਸ ਕਾਜ ਲਈ ਸੰਘਰਸ਼ ਕਰਨ ਵਾਲਿਆਂ ਨੂੰ ਪ੍ਰਣਾਮ ਕੀਤਾ ਹੈ ਓਥੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਬੱਤ ਖਾਲਸਾ ਬੁਲਾ ਕੇ ਖਾਲਸਤਾਨ ਲਈ ਠੋਸ, ਯੋਜਨਾਬੱਧ ਅਮਲੀ ਨੀਤੀ ਐਲਾਨਣ ਲਈ ਕਿਹਾ ਹੈ। ਇਸ ਪੱਤਰ ਦੀ ਇੱਕ ਨਕਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਰਾਹੀਂ "ਸਿੱਖ ਸਿਆਸਤ" ਨੂੰ ਮਿਲੀ ਹੈ, ਜੋ ਹੇਠਾਂ ਇੰਨ-ਬਿੰਨ ਛਾਪੀ ਜਾ ਰਹੀ ਹੈ।
ਲੁਧਿਆਣਾ (29 ਮਾਰਚ, 2012 - ਸਿੱਖ ਸਿਆਸਤ): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉੱਤੇ ਰੋਕ ਪੰਥ ਦੇ ਏਕੇ ਅਤੇ ਸੰਗਤਾਂ ਦੀਆਂ ਅਰਦਾਸਾਂ ਕਾਰਨ ਹੀ ਸੰਭਵ ਹੋ ਸਕੀ ਹੈ ਪਰ ਇਹ ਇਕ ਵਕਤੀ ਜਿੱਤ ਹੀ ਹੈ ਅਤੇ ਜੇਕਰ ਇਸੇ ਤਰ੍ਹਾਂ ਪੰਥ ਗਿਆਨ ਤੇ ਸ਼ਰਧਾ ਦਾ ਸਮਤੋਲ ਰੱਖ ਕੇ ਏਕੇ ਦੀ ਸੂਤਰ ਵਿਚ ਬੱਝਾ ਰਹੇ ਤਾਂ ਪੰਥ ਦੇ ਕੌਮੀ ਸਿਅਸੀ ਨਿਸ਼ਾਨਿਆਂ ਦੀ ਪੂਰਤੀ ਵੀ ਜਲਦ ਹੋ ਸਕਦੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਜਸਪਾਲ ਸਿੰਘ ਮੰਝਪੁਰ ਵਲੋ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਕੀਤਾ।
ਲੁਧਿਆਣਾ, ਪੰਜਾਬ (28 ਮਾਰਚ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਸਮੇਤ ਕਈ ਸਿੱਖ ਆਗੂਆਂ ਨੂੰ ਅੱਜ ਬਾਦਲ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਗ੍ਰਿਫਤਾਰ ਕਰ ਲਿਆ। ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਦਕਿ ਪੰਚ ਪ੍ਰਧਾਨੀ ਦੇ ਸਕੱਤਰ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਫਤਹਿਗੜ੍ਹ ਸਾਹਿਬ ਅਤੇ ਜਥੇਬੰਦਕ ਸਕੱਤਰ ਭਾਈ ਜਸਵੀਰ ਸਿੰਘ ਖੰਡੂਰ ਨੂੰ ਉਨ੍ਹਾਂ ਦੇ ਲੁਧਿਆਣਾ ਨੇੜੇ ਸਥਿਤ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਤੇ ਪੁਲਿਸ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਰਹੇ ਹਨ।
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਵਿਅਕਤੀਗਤ ਨਹੀਂ ਸਗੋਂ ਕੌਮੀ ਹੈ ਅਤੇ ਇਹ ਸਿੱਖ ਕੌਮ ਉੱਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਦਾ ਸਿੱਧਾ ਅਤੇ ਸਪੱਸ਼ਟ ਰੂਪ ਹੈ ਕਿਉਂਕਿ ਜੇ ਭਾਰਤੀ ਇਨਸਾਫ ਪ੍ਰਣਾਲੀ ਦੀ ਗੱਲ ਕਰੀਏ ਤਾਂ ਸਪੱਸ਼ਟ ਹੈ ਕਿ ਸਿੱਖਾਂ ਦੇ ਸਬੰਧ ਵਿਚ ਇਸਨੇ ਹਮੇਸ਼ਾ ਦੋਹਰੇ-ਮਾਪਢੰਡ ਅਪਣਾਏ ਹਨ।
ਚੋਟੀ ਦੇ ਸਾਬਕਾ ਜੁਝਾਰੂ ਆਗੂ ਭਾਈ ਦਲਜੀਤ ਸਿੰਘ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਜੀਵਨ ਹੰਢਾ ਰਹੇ ਹਨ। ਇਸ ਵੇਲੇ ਉਹ ਕੁੱਲ ਚਾਰ ਮੁਕੱਦਮਿਆਂ ਦਾ ਸਾਹਮਣੇ ਕਰ ਰਹੇ ਹਨ, ਜਿਹਨਾਂ ‘ਚੋਂ ਸਭ ਤੋਂ ਮਸ਼ਹੂਰ ਤੇ ਗੰਭੀਰ ਮੁਕੱਦਮਾ 25 ਸਾਲ ਪਹਿਲਾਂ ਲੁਧਿਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਸ਼ਾਖਾ ਵਿਚ ਮਾਰੇ ਗਏ ਡਾਕੇ ਨਾਲ ਸਬੰਧਤ ਹੈ। ਏਸ਼ੀਆ ਦੇ ਸਭ ਨਾਲੋਂ ਵੱਡੇ ਕਹੇ ਜਾਂਦੇ ਇਸ ਡਾਕੇ ਵਿਚ ਪੌਣੇ ਛੇ ਕਰੋੜ ਦੇ ਕਰੀਬ ਰੁਪਈਏ ਲੁੱਟੇ ਦੱਸੇ ਗਏ ਸਨ। ਇਸ ਡਾਕੇ ਲਈ 20 ਦੇ ਕਰੀਬ ਚੋਟੀ ਦੇ ਸਿੱਖ ਜੁਝਾਰੂਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ, ਜਿਹਨਾਂ ਵਿਚੋਂ ਜ਼ਿਆਦਾਤਰ ਜੁਝਾਰੂ ਪਹਿਲਾਂ ਹੀ ਲਹਿਰ ਦੇ ਅੱਡ ਅੱਡ ਪੜਾਵਾਂ ‘ਤੇ ਸ਼ਹੀਦ ਹੋ ਗਏ ਸਨ। ਇਹਨਾਂ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਮਥਰਾ ਸਿੰਘ, ਜਨਰਲ ਲਾਭ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਪ੍ਰਮੁੱਖ ਨਾਂ ਸ਼ਾਮਲ ਹਨ। ਖਾੜਕੂ ਸੰਘਰਸ਼ ਦੀ ਚੜ੍ਹਤ ਦੇ ਦੌਰ ਵਿਚ ਸਿੱਖ ਕੌਮ ਦੀਆਂ ਸਧਰਾਂ ਤੇ ਉਮੀਦਾਂ ਦੇ ਪ੍ਰਤੀਕ ਬਣ ਕੇ ਉਭਰੇ ਇਹਨਾਂ ਜੁਝਾਰੂ ਸੂਰਮਿਆਂ ਵਿਚੋਂ ਇਸ ਵੇਲੇ ਦੋ ਸੰਗਰਾਮੀਏ-ਭਾਈ ਦਲਜੀਤ ਸਿੰਘ ਤੇ ਭਾਈ ਗੁਰਸ਼ਰਨ ਸਿੰਘ ਗ਼ਾਮਾ-ਹੀ ਇਸ ਮੁਕੱਦਮੇ ਵਿਚ ਸੀ ਬੀ ਆਈ ਵੱਲੋਂ ਲਾਏ ਗਏ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਲੁਧਿਆਣਾ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਇਸ ਬਹੁ-ਚਰਚਿਤ ਮੁਕੱਦਮੇ ਦੀ ਸੁਣਵਾਈ ਦੀ ਸਮੁੱਚੀ ਕਾਰਵਾਈ ਮੁਕੰਮਲ ਕਰ ਲੈਣ ਤੋਂ ਬਾਅਦ ਇਸ ਦੇ ਫੈਸਲੇ ਲਈ 1 ਅਗਸਤ ਦੀ ਤਰੀਕ ਮਿਥੀ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਅਭਿਲਾਸ਼ੀ ਇਸ ਮੁਕੱਦਮੇ ਦੇ ਫੈਸਲੇ ਦਾ ਇੰਤਜ਼ਾਰ ਉਮੀਦ ਅਤੇ ਚਿੰਤਾ ਦੇ ਰਲੇ-ਮਿਲੇ ਭਾਵਾਂ ਨਾਲ ਕਰ ਰਹੇ ਹਨ। ਇਸ ਹਾਲਤ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਆਪਣੇ ਨਜ਼ਰਬੰਦ ਚੇਅਰਮੈਨ ਭਾਈ ਦਲਜੀਤ ਸਿੰਘ ਦੇ ਸੰਘਰਸ਼ਮਈ ਜੀਵਨ ਦਾ ਸੰਖੇਪ ਬਿਉਰਾ ਜਾਰੀ ਕੀਤਾ ਗਿਆ ਹੈ। ਆਪਣੇ ਸੂਝਵਾਨ ਪਾਠਕਾਂ ਨੂੰ ਇਕ ਸੰਘਰਸ਼ਸ਼ੀਲ ਤੇ ਪ੍ਰੇਰਨਾਮਈ ਜੀਵਨ ਤੋਂ ਜਾਣੂੰ ਕਰਾਉਣ ਹਿਤ ਅਸੀਂ ਇਥੇ ਇਹ ਬਿਊਰਾ ਛਾਪਣ ਦੀ ਖੁਸ਼ੀ ਹਾਸਲ ਕਰ ਰਹੇ ਹਾਂ- ਸੰਪਾਦਕ।
Next Page »