ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਕੁਮਾਰ ਸ਼ਰਮਾ ਦੀ ਮੌਤ ਲਈ ਸ਼ਰਾਜ ਮਿੰਟੂ ਤੇ ਸ਼ੁਭਮ ਨਾਂਅ ਦੇ ਗੈਂਗਸਟਰ ਜ਼ਿੰਮੇਵਾਰ ਹਨ, ਜਿਨ੍ਹਾਂ 'ਚੋਂ ਸ਼ੁਭਮ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਵਿਪਨ ਦਾ ਕਤਲ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਦੇ ਵਿਸ਼ੇਸ਼ ਸੈੱਲ (ਐਂਟੀ ਟੈਰੇਰਿਸਟ ਫੋਰਸ) ਦੇ ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਇਹ ਕਿਹਾ ਹੈ ਕਿ ਹਿੰਦੂ ਸੰਘਰਸ਼ ਸੈਨਾ ਦੇ ਵਿਪਿਨ ਸ਼ਰਮਾ ਦਾ ਕਤਲ ਕਿਸੇ ਖਾੜਕੂ ਜਥੇਬੰਦੀ ਵਲੋਂ ਨਹੀਂ ਬਲਕਿ ਨਿੱਜੀ ਰੰਜਿਸ਼ ਅਧੀਨ ਹੋਇਆ ਹੈ ਤੇ ਪੁਲਿਸ ਕਾਤਲਾਂ ਤੱਕ ਪੁੱਜ ਗਈ ਹੈ।
ਬਟਾਲਾ ਰੋਡ, ਅੰਮ੍ਰਿਤਸਰ 'ਤੇ ਪੈਂਦੇ ਭੀੜ ਭਾੜ ਵਾਲੇ ਇਲਾਕੇ ਭਾਰਤ ਨਗਰ 'ਚ ਦੋ ਮੋਟਰਸਾਈਕਲਾਂ 'ਤੇ ਆਏ ਚਾਰ ਹਥਿਆਰਬੰਦ ਹਮਲਾਵਰਾਂ ਵਲੋਂ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਦਾ ਉਸ ਦੇ ਦਫ਼ਤਰ ਦੇ ਬਾਹਰ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੇ ਇਕ ਹੋਰ ਸਾਥੀ ਨਾਲ ਜਾਣ ਲਈ ਮੋਟਰਸਾਈਕਲ 'ਤੇ ਸਵਾਰ ਹੋਇਆ ਸੀ। ਇਹ ਘਟਨਾ ਨੇੜੇ ਦੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ।