ਹਰਿਆਣਾ ਦੇ ਇਕ ਆਈਏਐਸ ਅਫਸਰ ਦੀ ਧੀ ਨਾਲ ਅੱਧੀ ਰਾਤੀਂ ਸ਼ਰੇਰਾਹ ਛੇੜਖ਼ਾਨੀ ਅਤੇ ਉਸ ਦੇ ਅਗਵਾ ਦੀ ਕੋਸ਼ਿਸ ਦੇ ਮਾਮਲੇ ਵਿੱਚ ‘ਢਿੱਲੀ ਕਾਰਵਾਈ’ ਤੇ ‘ਨਰਮ ਧਰਾਵਾਂ’ ਤਹਿਤ ਕੇਸ ਦਰਜ ਕਰਨ ਕਾਰਨ ਹੋ ਰਹੀ ਆਪਣੀ ਚੌਤਰਫ਼ਾ ਨਿਖੇਧੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ (9 ਅਗਸਤ) ਨੂੰ ਆਖ਼ਰ ਕੇਸ ਵਿੱਚ ਗ਼ੈਰਜ਼ਮਾਨਤੀ ਧਾਰਾਵਾਂ ਜੋੜ ਕੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਛੇੜਛਾੜ ਦਾ ਕੇਸ ਤਾਂ 5 ਅਗਸਤ ਨੂੰ ਹੀ ਦਰਜ ਕਰ ਲਿਆ ਸੀ ਪਰ ਇਸ ’ਚ ਅਗਵਾ ਦੀ ਕੋਸ਼ਿਸ਼ ਦੀਆਂ ਧਰਾਵਾਂ ਬੁੱਧਵਾਰ ਨੂੰ ਮੁਲਜ਼ਮਾਂ ਗ੍ਰਿਫਤਾਰ ਕਰਨ ਤੋਂ ਐਨ ਪਹਿਲਾਂ ਜੋੜੀਆਂ। ਪੁਲਿਸ ਨੇ ਵਿਕਾਸ ਨੂੰ ਜਾਂਚ ਲਈ ਤਲਬ ਕੀਤਾ ਸੀ, ਜਿਥੇ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਦੇ ਡੀਜੀਪੀ ਤੇਜਿੰਦਰ ਸਿੰਘ ਲੂਥਰਾ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।