ਸਰਦਾਰ ਜੱਸਾ ਸਿੰਘ ਜੀ ਦੇ ਘਰ ਸੰਤਾਨ ਨਹੀਂ ਸੀ, ਇਸ ਲਈ ਰਿਆਸਤ ਦਾ ਮਾਲਕ ਸਰਦਾਰ ਭਾਗ ਸਿੰਘ ਥਾਪਿਆ ਗਿਆ। ਸਰਦਾਰ ਭਾਗ ਸਿੰਘ ਦਾ ਦੇਹਾਂਤ ਸਨ ੧੮੦੧ ਵਿਚ ਕਪੂਰਥਲੇ ਹੋਇਆ ਅਤੇ ਉਸ ਦਾ ਪੁਤਰ ਫਤਹ ਸਿੰਘ, ਜਿਸ ਦਾ ਜਨਮ ਸੰਨ ੧੭੮੪ ਵਿਚ ਹੋਇਆ ਸੀ: ਨਵਾਬ ਜੱਸਾ ਸਿੰਘ ਦੀ ਗੱਦੀ ਪਰ ਬੈਠਾ। ਇਸ ਬਹਾਦਰ ਸੂਰਮੇ ਦਾ ਦਿਲ ਕੌਮੀ ਪਿਆਰ ਨਾਲ ਸਭਰ ਭਰਿਆ ਹੋਇਆ ਸੀ, ਇਸ ਦੇ ਨਾਲ ਹੀ ਉਹ ਬੜਾ ਨੀਤੀਵਾਨ ਤੇ ਦੂਰਦਿਸ਼ਟਾ ਮੰਨਿਆ ਜਾਂਦਾ ਸੀ।