ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲ ਸਰਕਾਰ ਦੇ ਫ਼ੈਸਲਿਆਂ ਨੂੰ ਆਧਾਰ ਬਣਾ ਕੇ ‘ਬਾਦਲ ਦਲ ਦੇ ਆਗੂਆਂ’ ਵਿਰੁੱਧ ਛੇੜੀ ਜੰਗ ਤਿੱਖੀ ਹੁੰਦੀ ਜਾ ਰਹੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸ਼ਨੀਵਾਰ (12 ਅਗਸਤ) ਨੂੰ ਸਾਬਕਾ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਪੁੱਤ ਦੀ ਕੰਪਨੀ ਨੂੰ ਲੁਧਿਆਣਾ ਵਿੱਚ ਇਸ਼ਤਿਹਾਰਾਂ ਦੇ ਦਿੱਤੇ ਠੇਕੇ ਦੇ ਮਾਮਲੇ ’ਤੇ ਨਿਸ਼ਾਨਾ ਬਣਾਇਆ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਾਲ ਹੀ ਵਿੱਚ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਬਾਦਲ ਦਲ ਦੇ ਰਾਜਸੀ ਫ਼ੈਸਲੇ ਲੈਣ ਵਾਲੀ ਇਸ ਕਮੇਟੀ ਦੀ ਮੀਟਿੰਗ ਵਿਧਾਨ ਸਭਾ ਚੋਣਾਂ ਤੋਂ ਫ਼ੌਰੀ ਬਾਅਦ ਇਕ ਵਾਰ ਹੋਈ ਸੀ ਤੇ ਉਸ ਦੌਰਾਨ ਵੀ ਪਾਰਟੀ ਆਗੂਆਂ ਦਰਮਿਆਨ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਨੂੰ ਲੈ ਕੇ ਤਿੱਖੇ ਮੱਤਭੇਦ ਉਭਰੇ ਸਨ।