ਦਲ ਖਾਲਸਾ ਵਲੋਂ ਜੂਨ 1984 ਦੇ ਹਮਲੇ ਦੌਰਾਨ ਢੱਠੇ ਅਕਾਲ ਤਖਤ ਸਾਹਿਬ ਅਤੇ ਭਾਰਤੀ ਫੌਜ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਸ਼ਹਿਰ ਦੀਆਂ ਸੜਕਾਂ ਉੱਤੇ ਅੱਜ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਗਿਆ ਜਿਸ ਵਿੱਚ ਸ਼ਹੀਦਾਂ ਦਾ ਕੌਮ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਕਰਨ ਦੀ ਵਚਨਬੱਧਤਾ ਦੁਹਰਾਈ ਗਈ। 'ਹਮਲੇ ਦੇ ਜ਼ਖਮ ਅੱਜ ਤਕ ਰਿਸਦੇ ਹਨ, ਪੀੜ ਸੱਜਰੀ ਹੈ ਅਤੇ ਸੰਘਰਸ਼ ਜਾਰੀ ਹੈ' ਵਰਗੇ ਸੁਨੇਹੇ ਲਿਖੇ ਪੋਸਟਰ ਅਤੇ ਖਾਲਸਾਈ ਝੰਡੇ ਫੜ੍ਹੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਮਾਰਚ ਵਿਚ ਸ਼ਾਮਿਲ ਹੋ ਕੇ ਪੰਜਾਬ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।
ਜਲੰਧਰ, ਪੰਜਾਬ (17 ਜੂਨ, 2012): ਅਨੇਕਾਂ ਕਾਂਗਰਸੀ ਤੇ ਫਿਰਕੂ ਹਿੰਦੂਤਵੀ ਜਥੇਬੰਦੀਆਂ ਨੇ, ਹਰਿਮੰਦਰ ਸਾਹਿਬ ਸਮੂਹ ਵਿਚ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ, ਕਿ ਇਸ ਦੇ ਬਣਨ ਨਾਲ ਪੰਜਾਬ ਅੰਦਰ ਇਕ ਵਾਰ ਫਿਰ ‘ਅੱਤਵਾਦ’ ਦਾ ਵਾਤਾਵਰਣ ਸਿਰਜਿਆ ਜਾਏਗਾ। ਇਸ ਦਾਅਵੇ ਨੂੰ ਅੱਗੇ ਰੱਖ ਕੇ ਪੰਜਾਬ ਦੀ ਯੂਥ ਕਾਂਗਰਸ ਦੇ ਪੱਗੜੀ ਤੇ ਕੇਸਾਧਾਰੀ ਨੁਮਾਇੰਦੇ ਵਿਕਰਮ ਚੌਧਰੀ ਨੇ ਵੀ ਇਸ ਕਹੇ ਜਾਂਦੇ ‘ਅੱਤਵਾਦ’ ਨੂੰ ਰੋਕਣ ਲਈ 20 ਜੂਨ 2012 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਅਸੀਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਪੂਰੀ ਗੰਭੀਰਤਾ ਨਾਲ ਇਹ ਐਲਾਨ ਕਰਦੇ ਹਾਂ ਕਿ ਕਾਂਗਰਸ ਦੇ ਇਸ ਧਰਨੇ ਨਾਲ ਪੰਜਾਬ ਵਿਚ ਇਕ ਵਾਰ ਫਿਰ ‘ਅੱਤਵਾਦ’ ਦਾ ਆਰੰਭ ਹੋ ਜਾਏਗਾ ਅਤੇ ਪਿਛਲੇ ਇਤਿਹਾਸ ਵਾਂਗ ਸਿੱਖ ਉਸ ਦੇ ਸ਼ਿਕਾਰ ਹੋਣਗੇ।
ਸ੍ਰ: ਜਸਪਾਲ ਸਿੰਘ ਸਿੱਧੂ ਨੇ ਇਸ ਮਸਲੇ ਦੇ ਪਿਛੋਕੜ ਨੂੰ ਫੋਲਦਿਆਂ ਕਿਹਾ ਕਿ ਭਾਰਤ ਨੂੰ ਇਕ ਇਕਹਿਰੀ ਪਛਾਣ ਦੇਣ ਤੇ ਭਾਰਤੀ ਕੌਮ ਉਸਾਰੀ ਦਾ ਜੋ ਅਮਲ ਨਹਿਰੂ ਗਾਂਧੀ ਨੇ ਰਾਜਸੀ ਤੌਰ ਤੇ ਚਿਤਵਿਆ ਸੀ ਉਸ ਅਮਲ ਵਿਚੋਂ ਹੀ ਯਾਦਗਾਰ ਦਾ ਵਿਰੋਧ ਉਪਜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੀ ਸਟੇਟ ਦੀ ਨਜ਼ਰੀਏ ਨੂੰ ਮੁੱਖ ਰੱਖਦਿਆਂ ਮਸਲਿਆਂ ਬਾਰੇ ਸਰਕਾਰੀ ਪਹੁੰਚ ਨੂੰ ਹੀ ਅਪਣਾਅ ਰਿਹਾ ਹੈ।
ਲੁਧਿਆਣਾ/ਪਟਿਆਲਾ (17 ਜੂਨ, 2012): ਬੀਤੀ 20 ਮਈ ਨੂੰ ਸ਼੍ਰੀ ਦਰਬਾਰ ਸਾਹਿਬ ਭਵਨ-ਸਮੂਹ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜ਼ਦੀਕ ਜੂਨ 1984 ਵਿਚ ਵਾਪਰੇ ਸਾਕਾ ਦਰਬਾਰ ਸਾਹਿਬ, ਜਿਸ ਦੌਰਾਨ ਭਾਰਤੀ ਫੌਜਾਂ ਵੱਲੋਂ ਸਰਕਾਰੀ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕਹਿਰੀ ਫੌਜੀ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਅਤੇ ਅਨੇਕਾਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਯਾਦਗਾਰ ਉਸਾਰਨ ਦੀ ਰਸਮੀ ਸ਼ੁਰੂਆਤ ਕੀਤੀ ਗਈ। ਬੀਤੀ 6 ਜੂਨ ਨੂੰ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।