ਪੰਜਾਬ ਦਾ ਚੋਣ ਦੰਗਲ ਖਿਝਾਉਣ ਵਾਲਾ ਅਤੇ ਲੁਭਾਵਣਾ ਸੀ। ਇਹ ਖਿਝਾਉਣ ਵਾਲਾ ਇਸ ਲਈ ਸੀ ਕਿਉਂਕਿ ਪੰਜਾਬ ਦੇ ‘ਹਵਾਈ’ ਵਿਕਾਸ ਦੇ ਉਲਟ ਇਸ ਸਾਹਮਣੇ ਵਿਕਰਾਲ ਚੁਣੌਤੀਆਂ ਖੜ੍ਹੀਆਂ ਹਨ। ਚੋਣਾਂ ਦੌਰਾਨ ਅਸੀਂ ਕੋਝੇ ਹੱਥਕੰਡੇ, ਡਰਾਮੇ ਅਤੇ ਸਿਆਸਤਦਾਨਾਂ ਵੱਲੋਂ ਇਕ ਦੂਜੇ ਖ਼ਿਲਾਫ਼ ਨਿੱਜੀ ਹਮਲੇ ਦੇਖੇ। ਦੋ ਸਿਆਸੀ ਆਗੂਆਂ ਪ੍ਰਕਾਸ਼ ਸਿੰਘ ਬਾਦਲ ਅਤੇ ਧਰਮਵੀਰ ਗਾਂਧੀ ਨੂੰ ਸਲਾਹੁਣਾ ਬਣਦਾ ਹੈ, ਜਿਨ੍ਹਾਂ ਨੇ ਸਿਸ਼ਟਤਾ ਵਾਲੀ ਭਾਸ਼ਾ ਅਤੇ ਸਲੀਕੇ ਦਾ ਪੱਲਾ ਨਹੀਂ ਛੱਡਿਆ। ਇਸ ਖਿਝ ਦੇ ਬਾਵਜੂਦ ਚੋਣ ਦ੍ਰਿਸ਼ ਲੁਭਾਵਣਾ ਸੀ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਦੋ ਦਲੀਂ ਮੁਕਾਬਲੇ ਨੂੰ ਤੀਜੇ ਖਿਡਾਰੀ ਵੱਲੋਂ ਚੁਣੌਤੀ ਦਿੱਤੀ ਗਈ। ਇਹ ਧਿਰ ਆਮ ਆਦਮੀ ਪਾਰਟੀ (ਆਪ) ਹੈ।
ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਮਜੀਠਾ, ਸੰਗਰੂਰ, ਮੁਕਤਸਰ, ਮੋਗਾ, ਸਰਦੂਲਗੜ੍ਹ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਵਿੱਚ ਪੈਂਦੇ 48 ਪੋਲਿੰਗ ਬੂਥਾਂ ’ਤੇ ਅੱਜ (ਵੀਰਵਾਰ ਨੂੰ) ਦੁਬਾਰਾ ਵੋਟਾਂ ਪਵਾਈਆਂ ਜਾ ਰਹੀਆਂ ਹਨ। ਇਨ੍ਹਾਂ ਪੋਲਿੰਗ ਬੂਥਾਂ ’ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਇਨ੍ਹਾਂ ਬੂਥਾਂ ’ਤੇ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਵੀਵੀਪੀਏਟ ਮਸ਼ੀਨਾਂ (ਵੋਟ ਦੀ ਪੁਸ਼ਟੀ ਲਈ ਪਰਚੀ ਕੱਢਣ ਵਾਲੀ ਮਸ਼ੀਨ) ’ਚ ਖ਼ਰਾਬੀ ਆਉਣ ਕਾਰਨ ਇਹ ਵੋਟਾਂ ਪਵਾਈਆਂ ਜਾ ਰਹੀਆਂ ਹਨ। ਦੁਬਾਰ ਵੋਟਿੰਗ ਦੇ ਕੰਮ 'ਤੇ ਨਿਗਰਾਨੀ ਲਈ ਉਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਪੰਜਾਬ ’ਚ ਹੀ ਰੁਕੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਘੱਟਗਿਣਤੀਆਂ ਤੇ ਦਲਿਤ ਦਲ ਨਾਲ ਕੀਤਾ ਚੋਣ ਗੱਠਜੋੜ ਰਾਜਸੀ ਤੌਰ 'ਤੇ ਕਾਫੀ ਫਾਇਦੇਮੰਦ ਰਿਹਾ। ਹਲਕਾ ਮਹਿਲ ਕਲਾਂ ਤੋਂ ਪਾਰਟੀ ਨੇ ਆਜ਼ਾਦ ਉਮੀਦਵਾਰ ਵਜੋਂ ਸਿਆਸੀ ਪਿੜ 'ਚ ਨਿੱਤਰੇ ਕੌਮੀ ਘੱਟਗਿਣਤੀਆਂ ਤੇ ਦਲਿਤ ਦਲ ਦੇ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਨੂੰ ਹਮਾਇਤ ਦਿੱਤੀ ਸੀ। ਇੰਜ ਹੀ ਕਾਂਝਲਾ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਹਲਕਾ ਧੂਰੀ, ਬਰਨਾਲਾ, ਭਦੌੜ, ਸੰਗਰੂਰ ਸਮੇਤ ਹੋਰ ਸੀਟਾਂ 'ਤੇ ਹਮਾਇਤ ਦਿੱਤੀ। ਇਸ ਦੇ ਯਕੀਨਨ ਹਾਂ ਪੱਖੀ ਰੁਝਾਨ ਵੇਖਣ ਨੂੰ ਮਿਲੇ। ਮਾਨ ਇਕ ਨਿੱਜੀ ਸਮਾਗਮ ਵਿਚ ਸ਼ਾਮਲ ਹੋਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰ ਰਹੇ ਸਨ।
ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਲਈ ਪੰਜ ਹਲਕਿਆਂ ਦੇ 32 ਪੋਲਿੰਗ ਸਟੇਸ਼ਨਾਂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਹੋ ਰਹੀ ਜ਼ਿਮਨੀ ਚੋਣ ਲਈ 16 ਪੋਲਿੰਗ ਬੂਥਾਂ ‘ਤੇ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਮੁੜ ਵੋਟਿੰਗ ਲਈ 9 ਫਰਵਰੀ (ਵੀਰਵਾਰ) ਦਾ ਦਿਨ ਤੈਅ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਤੋਂ ਉਮੀਦਵਾਰ ਵਕੀਲ ਹਰਵਿੰਦਰ ਸਿੰਘ ਫ਼ੂਲਕਾ ਅਤੇ ਹਲਕਾ ਗਿੱਲ ਤੋਂ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੇ ਹਲਕਾ ਗਿੱਲ ਦੇ ਆਰ.ਓ. ਗਗਨਦੀਪ ਸਿੰਘ ਵਿਰਕ ਵੱਲੋਂ 5-7 ਹੋਰ ਸਾਥੀਆਂ ਨਾਲ ਸਟਰੌਂਗ ਰੂਮ ਵਿਚ ਵੜ੍ਹ ਕੇ ਈ.ਵੀ.ਐਮ. (EVM) ਮਸ਼ੀਨਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਐਡਵੋਕੇਟ ਫ਼ੂਲਕਾ ਨੇ ਕਿਹਾ ਕਿ ਇਸ ਬਾਰੇ ਪਾਰਟੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਪਿੰਡ ਪਲਾਸੌਰ 'ਚ ਚੋਣਾਂ ਦੀ ਰੰਜਸ਼ ਨੂੰ ਲੈ ਕੇ ਚੱਲੀ ਗੋਲੀ 'ਚ ਇੱਕ ਭਰਾ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਭਰਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਹਲਕਾ ਲੁਧਿਆਣਾ ਦੱਖਣੀ ਵਿੱਚ ਬੀਤੀ ਦੇਰ ਰਾਤ ਬਾਦਲ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੇ ਸਮਰਥਕਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਸਿਮਰਜੀਤ ਬੈਂਸ ਵਾਲ-ਵਾਲ ਬਚੇ। ਮੀਡੀਆ ਰਿਪੋਰਟਾਂ ਮੁਤਾਬਕ ਬੈਂਸ ਦਾ ਬਚਾਅ ਕਰਦਿਆਂ ਬੈਂਸ ਦੇ ਗੰਨਮੈਨ ਸੁਨੀਲ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਟਕਰਾਅ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲਿਸ ਨੇ ਪੂਰਾ ਇਲਾਕਾ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਥਾਣਾ ਡਾਬਾ ਦੀ ਪੁਲਿਸ ਨੇ ਸਿਮਰਜੀਤ ਬੈਂਸ ਦੇ ਗੰਨਮੈਨ ਸੁਨੀਲ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚਲੇ ਪੋਲਿੰਗ ਬੂਥ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਹੋਈ ਲੜਾਈ ਵਿੱਚ ਦੋਹਾਂ ਧਿਰਾਂ ਦੇ 2 ਸਮਰਥਕ ਗੰਭੀਰ ਜ਼ਖ਼ਮੀ ਹੋ ਗਏ। ਇਸ ਝਗੜੇ ਦੌਰਾਨ ਇੱਟਾਂ-ਰੋੜੇ ਚੱਲੇ। ਇਸ ਮੌਕੇ ਕਾਂਗਰਸੀਆਂ ਨੇ ਅਨਿਲ ਮੱਟੂ ਦੀ ਅਗਵਾਈ ਵਿੱਚ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਨੂੰ ਸੰਗਰੂਰ ਅਤੇ ਪਟਿਆਲਾ ਰੈਫਰ ਕੀਤਾ ਗਿਆ ਹੈ।
ਵੋਟਿੰਗ ਦੌਰਾਨ ਪਿੰਡ ਲਾਲੂਘੁੰਮਣ ’ਚ ਗੋਲੀ ਚੱਲਣ ਕਾਰਨ ਇੱਕ ਕਾਂਗਰਸੀ ਕਾਰਜਕਰਤਾ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਪਿੰਡ ਮਾਨੋਚਾਹਲ ਕਲਾਂ ਵਿੱਚ ਬਾਦਲ ਦਲ ਦੇ ਹਮਾਇਤੀਆਂ ਨੇ ‘ਆਪ’ ਦੇ ਚਾਰ ਕਾਰਜਕਰਤਾ ਜ਼ਖ਼ਮੀ ਕਰ ਦਿੱਤੇ। ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਲਾਲੂਘੁੰਮਣ ਵਿੱਚ ਗੋਲੀ ਚਲਾਉਣ ਦੇ ਦੋਸ਼ ਹੇਠ ਪਿੰਡ ਦੇ ਸਰਪੰਚ ਦੇਸਾ ਸਿੰਘ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਫਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪੁਰਾਣਾ ਸ਼ਹਿਰ ਦੇ ਵਾਰਡ ਨੰਬਰ 8 'ਚ ਬਾਦਲ ਦਲ ਤੇ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਵਿਚਾਲੇ ਟਕਰਾਅ ਹੋ ਗਿਆ। ਬਾਦਲ ਦਲ ਦੇ ਕਾਰਜਕਰਤਾ ਗੁਰਵਿੰਦਰ ਸਿੰਘ ਘਿੰਦਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੁਝ ਸਮਰਥਕ ਹਥਿਆਰਾਂ ਨਾਲ ਲੈਸ ਹੋ ਕੇ ਆਏ। ਉਹ ਉਸ ਦੇ ਭਰਾ ਨੂੰ ਚੁੱਕ ਕੇ ਲਿਜਾ ਰਹੇ ਸਨ। ਇਸ ‘ਤੇ ਉਨ੍ਹਾਂ ਰੌਲਾ ਪਾ ਦਿੱਤਾ ਤੇ ਉਹ ਭੱਜ ਗਏ।
« Previous Page — Next Page »