ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ ਜੀ...
ਪਾਕਿਸਤਾਨ ਫ਼ੌਜ ਦੇ ਪਹਿਲੇ ਸਿੱਖ ਅਧਿਕਾਰੀ ਦੇ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਪੁੱਜੇ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਮੁਸਲਿਮ ਬਹੁਤਾਤ ਵਾਲੇ ਦੇਸ਼ ਵਿਚ ਧਾਰਮਿਕ ਘੱਟ ਗਿਣਤੀ ਵਾਲੇ ਲੋਕਾਂ ਦੇ ਹੱਕਾਂ ਦਾ ਪੂਰਾ ਸਨਮਾਨ ਕਰਦੀ ਹੈ। ਮੇਜਰ ਹਰਚਰਨ ਸਿੰਘ ਦਾ ਅਨੰਦ ਕਾਰਜ ਬੀਤੇ ਐਤਵਾਰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਹੋਇਆ ਸੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਫਤਿਹਗੜ੍ਹ ਸਾਹਿਬ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੁਸਤਾਨੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਉਹ ਪਾਕਿਸਤਾਨ ਫੌਜ ਦੇ ਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ।
ਪਾਕਿਸਤਾਨ ਨੇ ਅਫ਼ਗਾਨਿਸਤਾਨ ਦੀ ਸਰਹੱਦ ਵੱਲ ਭਾਰੀ ਤੋਪਖਾਨਾ ਭੇਜਿਆ ਹੈ। ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸੋਮਵਾਰ ਕਿਹਾ ਕਿ ਸਰਹੱਦ 'ਤੇ ਸੁਰੱਖਿਆ ਪ੍ਰਬੰਧ ਇੰਤਹਾਪਸੰਦੀ ਖਿਲਾਫ਼ ਜੰਗ ਲਈ ਮਜ਼ਬੂਤ ਕੀਤੇ ਗਏ ਹਨ। ਪਾਕਿਸਤਾਨੀ ਅੰਗ੍ਰੇਜ਼ੀ ਅਖ਼ਬਾਰ 'ਐਕਸਪ੍ਰੈਸ ਟ੍ਰਿਬਿਊਨ' ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਵਿਚ ਲਗਾਤਾਰ 'ਦਹਿਸ਼ਤਗਰਦੀ' ਹਮਲਿਆਂ ਪਿੱਛੋਂ ਪਾਕਿਸਤਾਨੀ ਫ਼ੌਜ ਨੇ ਚਮਨ ਤੇ ਤੋਰਖਾਮ ਜ਼ਿਲ੍ਹਿਆਂ ਵਿਚ ਪਾਕਿਸਤਾਨ-ਅਫ਼ਗਾਨ ਸਰਹੱਦ 'ਤੇ ਭਾਰੀ ਤੋਪਖਾਨਾ ਭੇਜਿਆ ਹੈ।
ਸਿੰਧ ਸੂਬੇ ਦੇ ਕਸਬੇ ਸਹਿਵਨ ਵਿੱਚ ਸੂਫੀ ਦਰਗਾਹ ਉਤੇ ਆਤਮਘਾਤੀ ਹਮਲੇ ਮਗਰੋਂ ਪਾਕਿਸਤਾਨ ਫੌਜ ਵੱਲੋਂ ਕੀਤੀ ਕਾਰਵਾਈ ਦੌਰਾਨ 100 ਤੋਂ ਵੱਧ 'ਇੰਤਹਾਪਸੰਦ' ਮਾਰੇ ਗਏ।
ਪਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ ਪਾਕਿਸਤਾਨੀ ਫੌਜ ਦੇ ਸਾਬਕਾ ਮੁਖੀ ਜਨਰਲ ਰਾਹੀਲ ਸ਼ਰੀਫ ਨੂੰ ਇੰਤਹਾਪਸੰਦੀ ਦੇ ਖਿਲਾਫ 39 ਮੁਸਲਮਾਨ ਦੇਸ਼ਾਂ ਦੀ ਸਾਂਝੀ ਫੌਜ ਦਾ ਮੁਖੀ ਬਣਾਇਆ ਗਿਆ ਹੈ।
ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਬਿਕਰਮ ਸਿੰਘ ਨੇ ਪਾਕਿਸਤਾਨੀ ਫੌਜ ਦੇ ਨਵੇਂ ਬਣੇ ਮੁਖੀ ਲੈਫ਼ਟੀਨੈਂਟ ਜਨਰਲ ਕਮਰ ਜਾਵੇਦ ਬਾਜਵਾ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਨੂੰ ਉਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਉਸ ਦੀ ਰੱਖਿਆ ਮਾਮਲਿਆਂ ਬਾਰੇ ਪਹੁੰਚ ਬਹੁਤ ਪੇਸ਼ੇਵਾਰਾਨਾ ਹੈ। ਜਨਰਲ ਬਾਜਵਾ ਨੇ ਕਾਂਗੋ ’ਚ ਸੰਯੁਕਤ ਰਾਸ਼ਟਰ ਦੀ ਮੁਹਿੰਮ ਦੌਰਾਨ ਜਨਰਲ ਬਿਕਰਮ ਸਿੰਘ ਦੀ ਅਗਵਾਈ ਹੇਠ ਕੰਮ ਕੀਤਾ ਹੈ। ਜਨਰਲ ਬਾਜਵਾ ਨੂੰ ਕੰਟਰੋਲ ਰੇਖਾ, ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਅਤੇ ਉੱਤਰੀ ਇਲਾਕਿਆਂ ’ਚ ਫੌਜੀ ਕਾਰਵਾਈਆਂ ’ਚ ਮੁਹਾਰਤ ਹਾਸਲ ਹੈ।
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੈਟਾ ਸ਼ਹਿਰ 'ਚ ਪੁਲਿਸ ਟ੍ਰੇਨਿੰਗ ਸੈਂਟਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਜਿਸ ਵਿਚ ਟ੍ਰੇਨਿੰਗ ਲੈ ਰਹੇ 59 ਤੋਂ ਵੱਧ ਰੰਗਰੂਟਾਂ ਦੀ ਮੌਤ ਹੋ ਗਈ ਹੈ। ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸਤੋਂ ਜ਼ਿਆਦਾ ਹੋ ਸਕਦੀ ਹੈ ਪਰ ਰਾਤ 11 ਵਜੇ ਹੋਏ ਇਸ ਹਮਲੇ 'ਚ ਹਾਲੇ ਲਾਸ਼ਾਂ ਗਿਣ ਕੇ ਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਹਮਲੇ 'ਚ ਸ਼ਾਮਲ ਤਿੰਨੋ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ।