ਪਿਛਲੇ ਸਾਲ ਇਲਾਕੇ ਦੀਆਂ ਸੰਗਤਾਂ, ਲੰਗਰ ਕਮੇਟੀਆਂ, ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਯਤਨ ਕੀਤੇ ਗਏ ਸਨ ਕਿ ਸੰਤ ਅਤਰ ਸਿੰਘ ਜੀ ਦੀ ਯਾਦ ਵਿਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕੀਤਾ ਜਾਵੇ ਜਿਸ ਤਹਿਤ ਲੰਗਰਾਂ ਵਿਚ ਚਲਦੇ ਸਪੀਕਰਾਂ ਬੰਦ ਰਹੇ, ਟਰੈਕਟਰਾਂ ਉਤੇ ਡੈੱਕ ਨਹੀਂ ਵਜਾਏ ਗਏ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਗੁਰਮਤਿ ਅਨੁਸਾਰੀ ਦੁਕਾਨਾਂ ਹੀ ਲਗਾਈਆਂ ਗਈਆਂ।
ਪੰਥ ਸੇਵਕ ਸਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਵੱਲੋਂ ਬੀਤੇ ਦਿਨੀਂ ਮਸਤੂਆਣਾ ਸਾਹਿਬ ਇਲਾਕੇ ਵਿਚ ਖਾਲਸਾ ਪੰਥ ਅਤੇ ਗੁਰ-ਸੰਗਤ ਦੀ ਸੇਵਾ ਵਿਚ ਵਿਚਰ ਰਹੇ ਜਥਿਆਂ ਦੇ ਨੁਮਾਇੰਦਿਆਂ ਅਤੇ ਸਖਸ਼ੀਅਤਾਂ ਨਾਲ ਇਕ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿਚ ਖਾਲਸਾ ਪੰਥ ਅਤੇ ਗੁਰ-ਸੰਗਤ ਨੂੰ ਦਰਪੇਸ਼ ਮਸਲਿਆਂ ਬਾਰੇ ਅਹਿਮ ਵਿਚਾਰ ਵਟਾਂਦਰਾ ਹੋਇਆ।