'ਦਾ ਹਿੰਦੂ' ਵਿੱਚ ਅੱਜ (22 ਜੂਨ ਨੂੰ) ਇਕ ਖਬਰ ਨਸ਼ਰ ਹੋਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇੰਡੀਆ ਦੇ ਬਚਾਅ ਮੰਤਰੀ (ਡਿਫੈਂਸ ਮਨਿਸਟਰ) ਰਾਜਨਾਥ ਸਿੰਘ ਨੇ ਦੂਜੀ ਸੰਸਾਰ ਜੰਗ ਦੀ 75ਵੀਂ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਸਮੂਲੀਅਤ ਕਰਨ ਲਈ ਰੂਸ ਦੇ ਦੌਰੇ ਉੱਤੇ ਜਾਣ ਤੋਂ ਪਹਿਲਾਂ ਬੀਤੇ ਦਿਨ (21 ਜੂਨ ਨੂੰ) ਇੰਡੀਆ ਦੇ 'ਚੀਫ ਆਫ ਆਰਮੀ ਸਟਾਫ' ਅਤੇ ਤਿੰਨਾਂ ਫੌਜਾਂ (ਹਵਾਈ, ਜਮੀਨੀ ਤੇ ਸਮੁੰਦਰੀ) ਦੇ ਮੁਖੀਆਂ ਨਾਲ ਮੁਲਾਕਾਤ ਕੀਤੀ।
ਸਿੱਖ ਸਿਆਸਤ ਵੱਲੋਂ ਲੇਖਕ ਤੇ ਵਿਸ਼ਲੇਸ਼ਕ ਅਜੈਪਾਲ ਸਿੰਘ ਬਰਾੜ ਨਾਲ ਇਸ ਘਟਨਾਕ੍ਰਮ ਬਾਬਤ ਗੱਲਬਾਤ ਕੀਤੀ ਗਈ। 17 ਜੂਨ 2020 ਨੂੰ ਭਰੀ ਗਈ ਇਸ ਗੱਲਬਾਤ ਵਿੱਚ ਗਲਵਾਨ ਘਾਟੀ ਅਤੇ ਪੁਆਇੰਟ ਐਮ-14, ਉਹ ਥਾਂ ਜਿਸ ਉੱਪਰ ਦੋਵਾਂ ਫੌਜਾਂ ਦਰਮਿਆਨ ਝਗੜਾ ਹੋਇਆ ਸੀ, ਦੀ ਰਣਨੀਤਕ ਮਹੱਤਤਾ ਬਾਰੇ ਚਰਚਾ ਕੀਤੀ ਗਈ। ਇਸ ਗੱਲਬਾਤ ਦੌਰਾਨ ਇਸ ਵਿਸ਼ੇ ਉੱਪਰ ਵੀ ਚਰਚਾ ਹੋਈ ਕਿ ਇਸ ਖੇਤਰ ਵਿੱਚ ਦੋਵਾਂ ਧਿਰਾਂ ਵੱਲੋਂ ਆਪਣੇ ਆਪਣੇ ਦਾਅਵੇ ਕਾਇਮ ਰੱਖਣ ਬਾਰੇ ਇਨ੍ਹਾਂ ਧਿਰਾਂ ਦੀ ਕਿੰਨੀ ਅਤੇ ਕੀ-ਕੀ ਤਿਆਰੀ ਹੈ। ਇਸ ਤੋਂ ਇਲਾਵਾ ਇਸ ਗੱਲਬਾਤ ਵਿੱਚ ਇਸ ਵਿਸ਼ੇ ਉਪਰ ਵੀ ਚਰਚਾ ਹੋਈ ਕਿ ਇਸ ਟਕਰਾਅ ਦਾ ਦੱਖਣੀ ਏਸ਼ੀਆ, ਇੰਡੀਅਨ ਉੱਪ-ਮਹਾਂਦੀਪ, ਪੰਜਾਬ ਅਤੇ ਸਿੱਖਾਂ ਉੱਪਰ ਕੀ ਅਸਰ ਪੈ ਸਕਦਾ ਹੈ।
15-16 ਜੂਨ ਦੀ ਦਰਮਿਆਨੀ ਰਾਤ ਨੂੰ ਲੱਦਾਖ ਦੀ ਗਲਵਾਨ ਘਾਟੀ ਵਿਖੇ ਚੀਨੀ ਤੇ ਇੰਡੀਅਨ ਫੌਜੀਆਂ ਦਰਮਿਆਨ ਹੋਏ ਖੂਨੀ ਟਕਰਾਅ ਵਿੱਚ 20 ਭਾਰਤੀ ਫੌਜੀ ਮਾਰ ਗਏ। ਚੀਨ ਦੇ ਫੌਜੀਆਂ ਦੀ ਮੌਤ ਹੋਣ ਦੀਆਂ ਖਬਰਾਂ ਹਨ ਪਰ ਚੀਨ ਦੀ ਸਰਕਾਰ ਤੇ ਖਬਰਖਾਨੇ ਨੇ ਇਸ ਦੇ ਵੇਰਵੇ ਜਨਤਕ ਨਹੀਂ ਕੀਤੇ।