ਕਸ਼ਮੀਰ ਵਿੱਚ ਸਰਗਰਮੀਆਂ ਲਈ ਪਾਕਿਸਤਾਨ ਤੋਂ ਮਾਇਕ ਇਮਦਾਦ ਲੈਣ ਦੇ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤੇ ਸੱਤ ਅਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਨੂੰ ਦਿੱਲੀ ਦੀ ਇਕ ਅਦਾਲਤ ਨੇ ਦਸ ਦਿਨਾਂ ਲਈ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਐਨਆਈਏ ਨੇ ਇਸੇ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਤੋਂ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੀ ਪਛਾਣ ਆਤਿਫ਼ ਤੇ ਆਸਿਫ਼ ਵਜੋਂ ਹੋਈ ਹੈ।
ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਸ਼ਮੀਰ 'ਚ ਅਜ਼ਾਦੀ ਪਸੰਦ ਜਥੇਬੰਦੀਆਂ ਦੇ ਆਗੂਆਂ ਨੂੰ "ਪਾਕਿਸਤਾਨ ਵਲੋਂ ਫੰਡਿੰਗ" ਦੀ ਜਾਂਚ ਕਰ ਰਹੀ ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਨੇ ਹੁਰੀਅਤ ਦੇ 7 ਆਗੂਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਟੇ, ਨਈਮ ਖਾਨ, ਸ਼ਾਹਿਦ-ਉਲ-ਇਸਲਾਮ, ਅਲਤਾਫ ਫੰਟੂਸ, ਮਿਹਰਾਜੂਦੀਨ, ਅੱਯਾਜ਼ ਅਕਬਰ ਅਤੇ ਪੀਰ ਸੈਫੂੱਲਾ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਿੱਟਾ ਕਰਾਟੇ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਬਾਕੀਆਂ ਦੀ ਗ੍ਰਿਫਤਾਰੀ ਸ੍ਰੀਨਗਰ ਤੋਂ ਦੱਸੀ ਜਾ ਰਹੀ ਹੈ।
ਜੰਮੂ-ਕਸ਼ਮੀਰ 'ਚ ਜੁੰਮੇ ਦੀ ਨਮਾਜ਼ ਦੇ ਬਾਅਦ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਧਿਆਨ 'ਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ (ਜੁੰਮਾ) ਸ੍ਰੀਨਗਰ ਦੇ ਕਈ ਇਲਾਕਿਆਂ 'ਚ ਕਰਫਿਊ ਲਗਾ ਦਿੱਤਾ ਹੈ। ਇਸਦੇ ਨਾਲ ਹੀ ਹੁਰੀਅਤ ਕਾਨਫਰੰਸ ਦੇ ਦੋਵੇਂ ਧੜਿਆਂ ਦੇ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਤੇ ਮੀਰਵਾਈਜ ਉਮਰ ਫਾਰੂਕ ਤੇ ਦਰਜਨਾਂ ਹੋਰ ਨੇਤਾਵਾਂ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਜੇ.ਕੇ.ਐਲ.ਐਫ. ਮੁਖੀ ਮੁਹੰਮਦ ਯਾਸੀਨ ਮਲਿਕ ਜੋ ਹਸਪਤਾਲ 'ਚ ਦਾਖ਼ਲ ਸੀ ਉਸਨੂੰ ਵੀ ਮੁੜ ਜੇਲ੍ਹ ਭੇਜ ਦਿੱਤਾ ਹੈ।
ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਹੁਰੀਅਤ ਆਗੂਆਂ ਖ਼ਿਲਾਫ਼ ਆਪਣਾ ਰਵੱਈਆ ਸਖ਼ਤ ਕਰਨ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਉਨ੍ਹਾਂ ਦੇ ਵਿਦੇਸ਼ੀ ਦੌਰੇ ਮੁਸ਼ਕਲ ਕੀਤੇ ਜਾ ਸਕਦੇ ਹਨ ਅਤੇ ਸਰਕਾਰੀ ਖ਼ਰਚੇ ਉਤੇ ਦਿੱਤੀ ਗਈ ਸੁਰੱਖਿਆ ਛਤਰੀ ਘਟਾਈ ਜਾ ਸਕਦੀ ਹੈ। ਦੂਜੇ ਪਾਸੇ ਕਸ਼ਮੀਰ ਵਿੱਚ ਮੁਜਾਹਰਾਕਾਈਆਂ ਤੇ ਨੀਮ ਫੌਜੀ ਦਸਤਿਆਂ ਦਰਮਿਆਨ ਹੋਈਆਂ ਝੜਪਾਂ ਕਾਰਨ ਅਨੰਤਨਾਗ ਵਿੱਚ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਵੈਸੇ ਸਾਰੇ ਸ੍ਰੀਨਗਰ ਜ਼ਿਲ੍ਹੇ ਵਿੱਚੋਂ ਕਰਫ਼ਿਊ ਹਟਾ ਲਿਆ ਗਿਆ ਹੈ ਪਰ ਅਜ਼ਾਦੀ ਪਸੰਦਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਲਗਾਤਾਰ 60ਵੇਂ ਦਿਨ ਵੀ ਵਾਦੀ ’ਚ ਤਣਾਅ ਰਿਹਾ।
ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂ ਸਈਅਤ ਸ਼ਾਹ ਗਿਲਾਨੀ ਦੇ ਵੱਡੇ ਪੁੱਤਰ ਨਈਮ ਸ਼ਾਹ ਗਿਲਾਨੀ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਲਈ ਐਨ.ਆਈ.ਏ. ਨੇ ਪੁੱਛਗਿੱਛ ਲਈ ਸੱਦਿਆ ਹੈ।
ਕਸ਼ਮੀਰ 'ਚ ਅਜ਼ਾਦੀ ਪਸੰਦ ਹੁਰੀਅਤ ਆਗੂਆਂ ਦੇ ਕਹਿਣ 'ਤੇ ਰਾਜ ਭਰ ਦੇ ਲੋਕਾਂ ਨੇ ਆਪਣੇ-ਆਪਣੇ ਇਲਾਕਿਆਂ 'ਚ ਕੰਧਾਂ 'ਤੇ 'ਗੋ ਇੰਡੀਆ, ਗੋ ਬੈਕ' ਵਰਗੇ ਨਾਅਰੇ ਲਿਖੇ। ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਆਪ ਵੀ ਕੰਧਾਂ 'ਤੇ ਇਸੇ ਤਰ੍ਹਾਂ ਦੇ ਨਾਅਰੇ ਲਿਖਦੇ ਨਜ਼ਰ ਆਏ।
ਕਸ਼ਮੀਰ ਵਿਚ ਆਜ਼ਾਦੀ ਪਸੰਦਾਂ ਦੇ ਮਾਰਚ ਨੂੰ ਅਸਫ਼ਲ ਕਰਨ ਲਈ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ ਤੇ ਸ੍ਰੀਨਗਰ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਮੁੜ ਕਰਫਿਊ ਲਾ ਦਿੱਤਾ ਗਿਆ। ਇਸ ਤੋਂ ਇਲਾਵਾ ਘਾਟੀ ਦੇ ਕੁੱਝ ਹੋਰ ਇਲਾਕਿਆਂ ਵਿੱਚ ਵੀ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਕਰਫਿਊ ਦੀ ਲੋਕਾਂ ਨੇ ਉਲੰਘਣਾ ਕੀਤੀ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਦਸਤਿਆਂ ਨਾਲ ਝੜਪ ਵੀ ਹੋਈ। ਇਸ ਵਿੱਚ ਵੀਹ ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪੁਲਿਸ ਦੀ ਧੱਕੇਸ਼ਾਹੀ ਦੇ ਜਵਾਬ ਵਿਚ ਰੋਹ ਵਿੱਚ ਆਏ ਲੋਕਾਂ ਨੇ ਬਾਰਾਮੁੱਲਾ ਦੇ ਰੋਹਾਮਾ ਵਿੱਚ ਨਵੀਂ ਬਣੀ ਪੁਲੀਸ ਇਮਾਰਤ ਨੂੰ ਫੂਕ ਦਿੱਤਾ।
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅਜ਼ਾਦੀ ਪਸੰਦਾਂ ਵਲੋਂ ਮਾਰਚ ਕੱਢਣ ਦੇ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਸਰਕਾਰ ਨੇ ਕਸ਼ਮੀਰ 'ਚ ਕਰਫ਼ਿਊ ਅਤੇ ਹੋਰ ਪਾਬੰਦੀਆਂ ਜਾਰੀ ਰੱਖੀਆਂ ਹਨ। ਵਾਦੀ 'ਚ ਮੌਜੂਦਾ ਸਮੇਂ ਦੌਰਾਨ ਭਾਰਤੀ ਸੁਰੱਖਿਆ ਦਲਾਂ ਹੱਥੋਂ ਅਨੰਤਨਾਗ 'ਚ ਹੀ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਅਨੰਤਨਾਗ ਜ਼ਿਲ੍ਹਾ ਨਗਰ ਦੇ ਅਜ਼ਾਦੀ ਪਸੰਦਾਂ ਵਲੋਂ ਮਾਰਚ ਕੱਢਣ ਦੇ ਐਲਾਨ ਤੋਂ ਬਾਅਦ ਅਨੰਤਨਾਗ, ਬਾਰਾਮੂਲਾ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆ ਜ਼ਿਲ੍ਹਿਆਂ 'ਚ ਕਰਫ਼ਿਊ ਲੱਗਿਆ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਸ੍ਰੀਨਗਰ 'ਚ 11 ਪੁਲਿਸ ਥਾਣਿਆਂ ਅਧੀਨ ਇਲਾਕਿਆਂ 'ਚ ਵੀ ਕਰਫ਼ਿਊ ਜਾਰੀ ਹੈ।
ਸ਼ਹਿਰ ਪੰਪੋਰ ਅਤੇ ਕੁਪਵਾੜਾ ਸਮੇਤ ਕਸ਼ਮੀਰ ਘਾਟੀ ਦੇ ਕੁਝ ਹਿੱਸਿਆਂ ਵਿੱਚ ਕਰਫਿਊ ਜਾਰੀ ਹੈ ਜਦੋਂ ਕਿ ਵਾਦੀ ਦੇ ਬਾਕੀ ਹਿੱਸਿਆਂ ਵਿੱਚ ਲੋਕਾਂ ਦੇ ਘੁੰਮਣ ਫਿਰਨ ’ਤੇ ਰੋਕਾਂ ਲਗਾ ਦਿੱਤੀਆਂ ਹਨ। ਪੁਲਿਸ ਦੀ ਫਾਇਰਿੰਗ ਨਾਲ ਹੋਈਆਂ ਮੌਤਾਂ ਦੀ ਗਿਣਤੀ 35 ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮੁਕਾਬਲੇ ਵਿੱਚ ਮਾਰੇ ਜਾਣ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਹੋਏ ਟਕਰਾਅ ’ਚ ਸੱਤ ਹੋਰ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।