ਭਾਰਤ ਵਿਚ ਜਦੋਂ ਤੋਂ ਹਿੰਦੂਵਾਦੀ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਗਾਂ ਦੀ ਰੱਖਿਆ ਨੂੰ ਲੈ ਕੇ ਕਾਫੀ ਰਾਜਨੀਤੀ ਹੋਈ ਅਤੇ 'ਗਊ ਰੱਖਿਅਕਾਂ' ਵਲੋਂ ਖੁੱਲ੍ਹੀ ਹਿੰਸਾ ਵੀ ਕੀਤੀ ਗਈ। ਇਸ ਕਾਰਨ ਕਈ ਲੋਕਾਂ ਨੂੰ ਆਪਣੀ ਕੀਮਤੀ ਜ਼ਿੰਦਗੀ ਗਵਾਉਣੀ ਪਈ। ਅਤੇ ਹਰ ਬਾਰ ਸਰਕਾਰ ਦੇ ਰਵੱਈਏ 'ਤੇ ਸਵਾਲ ਖੜ੍ਹੇ ਹੋਏ ਕਿ ਕਿਉਂ ਇਨ੍ਹਾਂ 'ਗਊ ਰੱਖਿਅਕਾਂ' ਨੂੰ ਇੰਨੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ।
ਕਸ਼ਮਰੀ ਦੇ ਰਾਇਸੀ ਜ਼ਿਲ੍ਹੇ 'ਚ 'ਗਊ ਰੱਖਿਅਕਾਂ' ਵਲੋਂ ਕੀਤੇ ਗਏ ਹਮਲੇ 'ਚ ਪੰਜ ਲੋਕਾਂ ਸਣੇ ਇਕ ਨੌ ਸਾਲ ਦੀ ਬੱਚੀ ਵੀ ਜ਼ਖਮੀ ਹੋ ਗਈ ਹੈ। ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਇਕ ਵਣਜਾਰਾ ਪਰਿਵਾਰ ਆਪਣੇ ਪਸ਼ੂਆਂ ਨੂੰ ਲੈ ਕੇ ਤਲਵਾੜਾ ਇਲਾਕੇ ਤੋਂ ਜਾ ਰਿਹਾ ਸੀ। ਉਸੇ ਦੌਰਾਨ ਗਊ ਰੱਖਿਅਕਾਂ ਦੀ ਇਕ ਟੋਲੀ ਨੇ ਉਨ੍ਹਾਂ ਨੂੰ ਰੋਕ ਕੇ ਮਾਰ-ਕੁੱਟ ਸ਼ੁਰੂ ਕਰ ਦਿੱਤੀ।
ਗਾਂ ਦੀ ਰੱਖਿਆ ਦੇ ਨਾਂ 'ਤੇ ਪੰਜਾਬ 'ਚ ਬਹੁਤ ਸਾਰੇ ਹਿੰਦੂਵਾਦੀ ਦਸਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਹੀ ਇਕ ਮਸ਼ਹੂਰ ਦਸਤਾ ਸਤੀਸ਼ ਕੁਮਾਰ ਦੀ ਅਗਵਾਈ 'ਚ ਰਾਜਪੁਰਾ ਇਲਾਕੇ ਵਿਚ ਸਰਗਰਮ ਸੀ।
ਮਿਲੀ ਰਿਪੋਰਟ ਮੁਤਾਬਕ ਰਾਜਪੁਰਾ ਪੁਲਿਸ ਨੇ ਗਊ ਰਕਸ਼ਾ ਦਲ ਦੇ ਮੁਖੀ ਸਤੀਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਦਰਜ ਕੇਸ ਵਿਚ ਧਾਰਾ 382, 384 (ਫਿਰੌਤੀ/ ਗੁੰਡਾ ਟੈਕਸ), 342 (ਨਜਾਇਜ਼ ਕੈਦ), 341 (ਨਜਾਇਜ਼ ਕੈਦ), 323 (ਜਾਣਬੁੱਝ ਕੇ ਨੁਕਸਾਨ ਪਹੁੰਚਾਉਣਾ), 148 (ਦੰਗਾ ਫਸਾਦ ਕਰਨਾ, ਮਾਰੂ ਹਥਿਆਰ ਨਾਲ ਰੱਖਣੇ), 149 (ਗ਼ੈਰ ਕਾਨੂੰਨੀ ਗਠਜੋੜ) ਲਾਈ ਗਈ ਹੈ, ਇਸ ਵਿਚ ਸਤੀਸ਼ ਦੇ ਨਾਲ ਅੰਨੂ ਅਤੇ ਗੁਰਪ੍ਰੀਤ ਉਰਫ ਹੈਪੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਸਾਰੇ ਪੰਜਾਬ ਵਿਚੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ "ਗਊ ਰੱਖਿਅਕਾਂ" ਵਲੋਂ ਚਲਾਏ ਜਾ ਰਹੇ ਗੁੰਡਾ ਟੈਕਸ ਦੀ ਬਦੌਲਤ ਪਸ਼ੂਆਂ ਦਾ ਕਾਰੋਬਾਰ ਘਾਟੇ ਵਿਚ ਜਾ ਰਿਹਾ ਹੈ।