ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਸਹਿਯੋਗੀਆਂ ਵੱਲੋਂ ਨਸ਼ਿਆਂ ਬਾਰੇ ਲਿਖੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਇਕ ਖੁੱਲੀ ਚਿੱਠੀ ਲਿਖੀ ਗਈ ਹੈ ਜਿਸ ਦੀ ਨਕਲ ਜਥੇਬੰਦੀ ਵੱਲੋਂ ਸਿੱਖ ਸਿਆਸਤ ਨੂੰ ਵੀ ਭੇਜੀ ਗਈ ਹੈ।
ਭਾਵੇਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੌਜੂਦਾ ਮੁੱਖ ਮੰਤਰੀ ਨੇ ਸਹੁੰ ਚੁੱਕ ਕੇ ਨਸ਼ੇ ਨੂੰ ਪੰਜਾਬ ਵਿਚੋਂ ਖਤਮ ਕਰਨ ਦਾ ਐਲਾਨ ਕੀਤਾ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਵੀ ਨਸ਼ਿਆਂ ਦੀ ਮਾਰ ਹੇਠ ਆਏ ਦੇਸ ਪੰਜਾਬ ਦੇ ਹਾਲਾਤ ਨਹੀਂ ਬਦਲ ਰਹੇ।
ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਕਿਹਾ ਕਿ ਉਹ ਪੰਜਾਬ ਦੀ ਥਾਂ ਹੋਰ ਕਿਸੇ ਸੂਬੇ ਵਿਚ ਨਸ਼ਿਆਂ ਦੇ ਮੁੱਦੇ 'ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਅਤੇ ਪੰਜਾਬੀਆਂ ਕੋਲੋਂ ‘ਭਰਵਾਂ ਸਮਰਥਨ ਨਾ ਮਿਲਣ’ ਕਾਰਨ ਉਹ ਨਿਰਾਸ਼ ਹਨ। ਸ਼ਸ਼ੀ ਕਾਂਤ ਨੇ ਪੰਜਾਬ ਦੀ ਥਾਂ ਹੋਰ ਸੂਬਿਆਂ ਜੰਮੂ ਕਸ਼ਮੀਰ ਤੇ ਬਿਹਾਰ ਆਦਿ ਵਿੱਚ ਅਜਿਹੇ ਮੁੱਦਿਆਂ ਵਾਸਤੇ ਕੰਮ ਕਰਨ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ।
ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਵੱਲੋਂ ਨਸ਼ਿਆਂ ਸਬੰਧੀ ਖ਼ੁਲਾਸੇ ਕਰਨ ਤੋਂ ਬਾਅਦ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਪੱਟੀ ਦੀ ਅਦਾਲਤ ਵਿੱਚ ਸ਼ਸ਼ੀ ਕਾਂਤ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਸੀ। ਇਸ ਬਾਰੇ ਵਲਟੋਹਾ ਦੇ ਵਕੀਲ ਕਵੰਲਜੀਤ ਸਿੰਘ ਬਾਠ ਨੇ ਦੱਸਿਆ ਕਿ ਮਾਮਲੇ ਸਬੰਧੀ ਗਵਾਹ ਅੱਜ ਅਦਾਲਤ ਵਿੱਚ ਪੇਸ਼ ਹੋਏ ਤੇ ਅਦਾਲਤ ਨੇ ਸਾਬਕਾ ਡੀ.ਜੀ.ਪੀ. (ਜੇਲ੍ਹ) ਸ਼ਸ਼ੀ ਕਾਂਤ ਨੂੰ ਸੰਮਨ ਜਾਰੀ ਕਰ ਕੇ 27 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸ਼ਸ਼ੀ ਕਾਂਤ ਨੇ ਨਸ਼ਿਆਂ ਸਬੰਧੀ ਖ਼ੁਲਾਸਾ ਕੀਤਾ ਸੀ, ਜਿਸ ਵਿੱਚ ਪੰਜਾਬ ਦੇ ਕਈ ਸਿਆਸੀ ਆਗੂਆਂ ਦੇ ਨਾਮ ਉਨ੍ਹਾਂ ਲਏ ਸਨ। ਇਸ ਖ਼ੁਲਾਸੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ ਸੀ।