ਕੁਝ ਚਿਰ ਪਹਿਲਾਂ ਪੱਛਮ ਦੇ ਦੋ ਪ੍ਰੋਫੈਸਰਾਂ ਨੇ ਇਕ ਕਿਤਾਬ ਛਾਪੀ ਸੀ ਜਿਸ ਵਿਚ ਬੰਦੇ ਅਤੇ ਬੋਲੀ ਨੂੰ ਜੋੜ ਕੇ ਪੜਤਾਲਿਆ ਗਿਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਹੱਦਾਂ ਤੋੜੀਆਂ ਕਿ ਸ਼ਬਦਾਂ ਦਾ ਵਿਖਾਈ ਦਿੰਦਾ ਜਾਂ ਬੋਲਿਆ ਜਾਂਦਾ ਰੂਪ ਹੀ ਬੋਲੀ ਹੁੰਦਾ ਹੈ। ਲਫ਼ਜ਼ਾਂ ਦੀ ਚੋਣ ਅਤੇ ਬੋਲਣ ਦਾ ਢੰਗ ਹੀ ਨਹੀਂ ਸਗੋਂ ਇਸ ਤੋਂ ਵੀ ਅੱਗੇ, ਸੋਚਣ ਦਾ ਢੰਗ, ਉਸ ਦੀ ਅੰਦਰੂਨੀ ਅਸਲ ਸ਼ੈਅ ਬੋਲੀ ਹੁੰਦੀ ਹੈ। ਪੱਛਮ ਵਿਚ ਜਿਸ ਤਰ੍ਹਾਂ ਬੋਲੀ ਸਬੰਧੀ ਖੋਜ ਬਾਰੇ ਧੜਾ-ਧੜ ਕਿਤਾਬਾਂ ਆ ਰਹੀਆਂ ਹਨ, ਉਸ ਦਾ ਅੰਦਾਜ਼ਾ ਤਾਂ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਬੋਲੀ ਨੂੰ ਕਿੰਨੀ ਅਹਿਮੀਅਤ ਦਿੰਦੇ ਹਨ।