ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ (ਪੰ.ਸ.ਸਿ.ਬ.) ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਇਤਿਹਾਸ ਨੂੰ ਵਿਗਾੜਨ ਦੇ ਮਾਮਲੇ ’ਤੇ ਸ਼੍ਰੋ.ਗੁ.ਪ੍ਰ.ਕ. ਵਲੋਂ ਬੁਲਾਈ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਸੰਤ ਸਮਾਜ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ ਦੇ ਨੁਮਾਇੰਦਿਆਂ ਅਤੇ ਸਿੱਖ ਬੁੱਧੀਜੀਵੀਆਂ ਨਾਲ ਇਕੱਤਰਤਾ ਦੌਰਾਨ ਸਾਹਮਣੇ ਆਏ ਵਿਚਾਰਾਂ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋ.ਗੁ.ਪ੍ਰ.ਕ. ਵਲੋਂ ਚੰਡੀਗੜ੍ਹ ਵਿਖੇ ਚੱਲ ਰਹੇ ਸਿੱਖ ਇਤਿਹਾਸਕ ਸਰੋਤ ਸੰਪਾਦਨਾ ਕਾਰਜ ਦੇ ਨਿਗਰਾਨ (ਡਾਇਰੈਕਟਰ) ਡਾ. ਕਿਰਪਾਲ ਸਿੰਘ ਨੂੰ ਇਸ ਕਾਰਜ ਦੇ ਸਾਰੇ ਕੰਮਾਂ ਤੋਂ ਲਾਂਭੇ ਕਰ ਦਿੱਤਾ ਹੈ।
ਪੰਜਾਬੀ ਸੂਬੇ ਦੀ ਮੰਗ ਪਿੱਛੇ ਸਿੱਖ ਰਾਜ ਦੀ ਛੁਪੀ ਚਾਹਤ ਵੀ ਮੌਜੂਦ ਸੀ। ਇਸੇ ਚਾਹਤ ਦਾ ਅਨੁਮਾਨ ਲਾਉਂਦਿਆਂ ਤਤਕਾਲੀ ਹੁਕਮਰਾਨ ਕਿਸੇ ਵੀ ਇੱਕ ਖੇਤਰ ਵਿੱਚ ਸਿੱਖਾਂ ਨੂੰ ਵਸਾਉਣ ਦੇ ਪੱਖ ਵਿੱਚ ਨਹੀਂ ਸਨ। ਬਾਅਦ ਵਿੱਚ ਭਾਸ਼ਾ ਦੇ ਆਧਾਰ ’ਤੇ ਕੀਤੀ ਗਈ ਪੰਜਾਬੀ ਸੂਬੇ ਦੀ ਮੰਗ ਦਾ ਆਰੀਆ ਸਮਾਜੀਆਂ ਅਤੇ ਜਨ ਸੰਘ ਨੇ ‘ਹਿੰਦੀ ਬਚਾਓ’ ਅਤੇ ‘ਮਹਾਂਪੰਜਾਬ’ ਵਰਗੇ ਅੰਦੋਲਨ ਛੇੜ ਕੇ ਇਸੇ ਮਾਨਸਿਕਤਾ ਵਿੱਚੋਂ ਵਿਰੋਧ ਕੀਤਾ ਸੀ। ਪੰਜਾਬ ਦੇ ਬਟਵਾਰੇ ’ਤੇ ਮਹੱਤਵਪੂਰਨ ਕੰਮ ਕਰਨ ਵਾਲੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਮੰਨਣਾ ਹੈ ਕਿ ਸਿੱਖ ਆਗੂਆਂ ਵੱਲੋਂ 1947 ਵਿੱਚ ਆਬਾਦੀ ਦੇ ਸ਼ਾਂਤਮਈ ਤਬਾਦਲੇ ਦੀ ਮੰਗ ’ਤੇ ਵੀ ਗੌਰ ਨਹੀਂ ਕੀਤਾ ਗਿਆ ਅਤੇ ਨਾ ਹੀ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੇ ਲੋਕਾਂ ਲਈ ਪੁਨਰਵਾਸ ਦੀ ਕੋਈ ਯੋਜਨਾ ਬਣਾਈ ਗਈ।