ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ 4 ਅਗਸਤ 2019 ਨੂੰ ਧਰਮ ਯੁੱਧ ਮੋਰਚੇ ਬਾਰੇ ਇਕ ਵਿਚਾਰ ਚਰਚਾ ਸੁਭਾਸ਼ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਈ ਗਈ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਪਹਿਲਾਂ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਵਾਣ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ, ਜਿਸ ਦੀ ਨਕਲ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਕੋਲ ਰੱਖਦੇ ਸਨ, ਦੇ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਭਾਈ ਮਨਧੀਰ ਸਿੰਘ ਨੇ ਧਰਮ ਯੁੱਧ ਮੋਰਚੇ ਦਾ ਇਤਿਹਾਸਤਕ ਅਤੇ ਮੌਜੁਦਾ ਸਮੇਂ ਲਈ ਮਹੱਤਵ ਉਜਾਗਰ ਕੀਤਾ।
ਅਗਸਤ 1982 ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭੇ ਧਰਮ ਯੁੱਧ ਮੋਰਚੇ ਦੀ 35ਵੀਂ ਯਾਦ ਮਨਾਉਂਦਿਆਂ ਯੂਨਾਈਟਿਡ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤਂੋ ਸਥਾਨਕ ਕੋਤਵਾਲੀ ਚੌਂਕ ਤੀਕ ਇੱਕ ਚੇਤਾਵਨੀ ਮਾਰਚ ਦਾ ਪ੍ਰਬੰਧ ਕੀਤਾ ਗਿਆ। ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਵੱਸਣ ਸਿੰਘ ਜਫਰਵਾਲ, ਸਤਨਾਮ ਸਿੰਘ ਮਨਾਵਾਂ ਦੀ ਅਗਵਾਈ ਵਿੱਚ ਦਲ ਦੇ ਕਾਰਜਕਰਤਾ ਗੁਰਦੁਆਰਾ ਸੰਤੋਖ ਸਰ ਵਿਖੇ ਇੱਕਤਰ ਹੋਏ ਜਿਥੋਂ ਇਕ ਜਲੂਸ ਦੀ ਸ਼ਕਲ ਵਿੱਚ ਅਕਾਲ ਤਖਤ ਸਾਹਿਬ ਪੁਜੇ।