ਚੀਨ ਅਫਗਾਨਿਸਤਾਨ ਵਿੱਚੋਂ ਅਮਰੀਕਾ ਦੇ ਬਾਹਰ ਨਿੱਕਲਣ ਦੇ ਮੌਕੇ ਨੂੰ ਇਸ ਖਿੱਤੇ ਵਿੱਚ ਆਪਣਾ ਪ੍ਰਭਾਵ ਵਧਾਉਣ ਅਤੇ ਉਸ ਰਾਹੀਂ ਦੋ ਵੱਡੇ ਰਣਨੀਤਕ ਨਿਸ਼ਾਨੇ ਸਰ ਕਰਨ ਲਈ ਵਰਤਣਾ ਚਾਹੁੰਦਾ ਹੈ। ਚੀਨ ਆਪਣੇ 'ਬੈਲਟ ਐਂਡ ਰੋਡ' ਉੱਦਮ ਨੂੰ ਅਫਗਾਨਿਸਤਾਨ ਤੱਕ ਵਧਾਉਣਾ ਚਾਹੁੰਦਾ ਹੈ ਜਿਸ ਨਾਲ ਚੀਨ ਨੂੰ ਪੱਛਮੀ ਏਸ਼ੀਆ ਤੱਕ ਜ਼ਮੀਨੀ ਲਾਂਘਾ ਮਿਲ ਜਾਵੇਗਾ। ਹਾਲਾਤ ਨੂੰ ਆਪਣੇ ਪੱਖ ਵਿੱਚ ਰੱਖਣ ਲਈ ਚੀਨ ਰੂਸ, ਪਾਕਿਸਤਾਨ ਅਤੇ ਈਰਾਨ ਦੀ ਤਿਕੱੜੀ ਰਾਹੀਂ ਕੰਮ ਕਰ ਰਿਹਾ ਹੈ। ਤੁਰਕੀ ਵੀ ਛੇਤੀ ਇਸ ਗੁੱਟ ਦਾ ਹਿੱਸਾ ਬਣ ਸਕਦਾ ਹੈ।
ਸਾਲ 2014 ਤੋਂ ਬੀਜਿੰਗ ਨੇ ਅਫਗਾਨਿਸਤਾਨ ਵਿੱਚ ਆਪਣੀ ਸ਼ਮੂਲੀਅਤ ਕਾਫੀ ਵਧਾ ਲਈ ਹੈ। ਚੀਨ ਦੇ ਅਫਗਾਨਿਸਤਾਨ ਵਿੱਚ ਨਿਵੇਸ਼ ਦਾ ਟੀਚਾ ਇਸ ਖੇਤਰ ਦੇ ਕੁਦਰਤੀ ਸਾਧਨਾਂ ਤੱਕ ਆਪਣੀ ਰਸਾਈ ਕਾਇਮ ਕਰਨੀ ਹੈ। ਮਿਸਾਲ ਵੱਜੋਂ ਬੀਜਿੰਗ ਨੇ ਸਾਲ 2007 ਵਿੱਚ ਹੀ ਲੋਗਾਰ ਵਿਚਲੀ ਤਾਂਬੇ ਦੀ ਮੇਸ ਆਇਨਾਕ ਖਾਨ ਦੇ ਵਾਹਿਦ ਹੱਕ (ਐਕਸਕੂਸਿਵ ਰਾਈਟਸ) ਹਾਸਿਲ ਕਰ ਲਿਆ ਸੀ।
ਅਮਰੀਕਾ, ਉਜਬੇਕਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨੇ ਚਹੁੰਧਿਰੀ ਮੰਚ ਬਣਾਉਣ ਦਾ ਐਲਾਨ ਕੀਤਾ ਹੈ।