ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਜਾਂ ਉਸਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਸਿਆਸੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਐਲਾਨਦਿਆਂ ਭਾਈ ਧਿਆਨ ਸਿੰਘ ਮੰਡ ਅਤੇ ਸਾਥੀ ਸਿੰਘਾਂ ਵਲੋਂ ਇਨ੍ਹਾਂ ਸਿਆਸੀ ਲੋਕਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਬਾਰੇ ਫੈਸਲਾ 8 ਮਈ ਨੂੰ ਲਏ ਜਾਣ ਦੀ ਗੱਲ ਕਰਦਿਆਂ ਕਾਰਜਕਾਰੀ ਜਥੇਦਾਰਾਂ ਨੇ ਕਿਹਾ ਹੈ ਕਿ ਅਜੇ ਤੀਕ ਉਨ੍ਹਾਂ ਨਾਲ ਕਿਸੇ ਵੀ ਸਬੰਧਤ ਸਿਆਸੀ ਆਗੂ ਨੇ ਸੰਪਰਕ ਨਹੀਂ ਕੀਤਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਵਲੋਂ ਦਿੱਤੀ ਦਰਖਾਸਤ ਅਤੇ ਸਪਸ਼ੱਟੀਕਰਨ 'ਤੇ ਵਿਚਾਰ ਕਰਦਿਆਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਜਾਰੀ 16 ਜੁਲਾਈ 2014 ਦਾ ਉਹ ਹੁਕਮਨਾਮਾ ਰੱਦ ਕਰ ਦਿੱਤਾ ਹੈ ਜਿਸ ਤਹਿਤ ਜਗਦੀਸ਼ ਸਿੰਘ ਝੀਂਡਾ, ਹਰਮੋਹਿੰਦਰ ਸਿੰਘ ਚੱਠਾ ਅਤੇ ਦੀਦਾਰ ਸਿੰਘ ਨਲਵੀ ਨੂੰ ਪੰਥ ‘ਚੋਂ ਛੇਕ ਦਿੱਤਾ ਗਿਆ ਸੀ।
ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਸਿਰਸਾ ਦੀ ਹਮਾਇਤ ਲੈਣ ਗਏ ਵੱਖ-ਵੱਖ ਰਾਜਸੀ ਦਲਾਂ ਦੇ 40 ਸਿੱਖ ਆਗੂਆਂ ਨੂੰ ਭਾਈ ਧਿਆਨ ਸਿੰਘ ਮੰਡ ਅਤੇ ਸਾਥੀ ਸਿੰਘਾਂ ਨੇ ਵੀਰਵਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਆਉਂਦੀ 20 ਅਪ੍ਰੈਲ ਨੂੰ ਧਾਰਮਿਕ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਗਿਆ ਹੈ। 2015 'ਚ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ 'ਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਦੇ ਆਦੇਸ਼ 'ਤੇ ਇਨ੍ਹਾਂ 40 ਰਾਜਨੀਤਕ ਆਗੂਆਂ, ਜਿਨ੍ਹਾਂ 'ਚ ਹਾਕਮ ਪਾਰਟੀ 'ਚ ਇਕ ਕੈਬਨਿਟ ਮੰਤਰੀ ਸਮੇਤ ਕਈ ਜਿੱਤੇ ਤੇ ਹਾਰੇ ਸਿੱਖ ਆਗੂ ਵੀ ਸ਼ਾਮਿਲ ਹਨ, ਵਿਚੋਂ ਕਿਸੇ ਪਾਰਟੀ ਦਾ ਇਕ ਵੀ ਆਗੂ ਅਕਾਲ ਤਖਤ ਸਾਹਿਬ ਵਿਖੇ ਪੇਸ਼ ਨਹੀਂ ਹੋਇਆ।
ਕਾਰਜਕਾਰੀ ਜਥੇਦਾਰਾਂ ਨੇ ਇਕ ਅਹਿਮ ਫੈਸਲੇ ਰਾਹੀਂ ਪੰਥ ਪ੍ਰਵਾਣਿਤ ਅਰਦਾਸ ਵਿੱਚ ਤਬਦੀਲੀ ਕੀਤੇ ਜਾਣ ਦੇ ਸੰਗੀਨ ਦੋਸ਼ ਤਹਿਤ ਬਾਦਲ ਸਰਕਾਰ ਦੇ ਮੰਤਰੀ ਸਿਕੰਦਰ ਮਲੂਕਾ, ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਅਤੇ ਸਾਬਕਾ ਮੈਂਬਰ ਸਤਨਾਮ ਸਿੰਘ ਭਾਈ ਰੂਪਾ ਨੂੰ ਪੰਥ ‘ਚੋਂ "ਖਾਰਿਜ" ਕਰ ਦਿੱਤਾ ਹੈ। ਇਸੇ ਤਰ੍ਹਾਂ ਲਏ ਇਕ ਹੋਰ ਫੈਸਲੇ ਰਾਹੀਂ ਦਸਮੇਸ਼ ਪਿਤਾ ਦੀ ਜੀਵਨ ਹਯਾਤੀ ਬਾਰੇ ਗਲਤ ਵਖਿਆਨ ਕਰਨ ਦੇ ਦੋਸ਼ ਤਹਿਤ ਨੀਲਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਨੀਲਧਾਰੀ ਨੂੰ ਵੀ ਪੰਥ 'ਚੋ ਖਾਰਜ ਕਰ ਦਿੱਤਾ ਗਿਆ ਹੈ।
ਅੱਜ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ, ਭਾਈ ਸੂਬਾ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਬਾਦਲ ਦਲ ਦੇ ਮੰਤਰੀ ਸਿਕੰਦਰ ਮਲੂਕਾ, ਨੀਲਧਾਰੀ ਮੁਖੀ ਸਤਨਾਮ ਸਿੰਘ ਅਤੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਨ ਨੂੰ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ ਦੇ ਦੋਸ਼ ਤਹਿਤ ਤਨਖਾਹੀਆ ਕਰਾਰ ਦੇ ਦਿੱਤਾ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਵਲੋਂ ਸਿੱਖ ਕੌਮ ਉਤੇ ਢਾਹੇ ਜਾ ਰਹੇ ਜ਼ੁਲਮਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਸ. ਮਾਨ ਨੇ ਕਿਹਾ ਇਨ੍ਹਾਂ ਜ਼ੁਲਮਾਂ ਦੇ ਸਮਾਜਿਕ ਤੌਰ 'ਤੇ ਨਤੀਜੇ ਭੁਗਤਨ ਲਈ ਜ਼ਿੰਮੇਵਾਰ ਤਾਕਤਾਂ ਤਿਆਰ ਰਹਿਣ। ਉਨ੍ਹਾਂ ਪਟਨਾ ਸਾਹਿਬ ਪਹੁੰਚਣ ਵਾਲੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਤੇ ਉਹਨਾਂ ਨਾਲ ਪਹੁੰਚਣ ਵਾਲੇ ਅਖੌਤੀ ਧਾਰਮਿਕ ਆਗੂਆਂ ਤੇ ਅਹੁਦੇਦਾਰਾਂ ਨੂੰ ਸਿੱਖ ਸੰਗਤ ਜਨਤਕ ਤੌਰ 'ਤੇ ਪੰਡਾਲ ਵਿਚੋਂ ਪੁੱਛਣ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਹਨਾਂ ਨੂੰ ਬਣਦੀਆਂ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਯਾਦ-ਪੱਤਰ ਦਿੱਤਾ ਹੈ। ਇਸ ਯਾਦ-ਪੱਤਰ 'ਚ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਪੰਜਾਬ ਪੁਲਿਸ ਵਲੋਂ ਗ੍ਰਿਫਤਾਰੀ 'ਤੇ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਗਿਆ ਹੈ।
ਮੀਡੀਆ ਦੀਆ ਖ਼ਬਰਾਂ ਮੁਤਾਬਕ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਭਾਈ ਦਾਦੂਵਾਲ ਨੂੰ ਸਾਥੀਆ ਸਣੇ ਕਾਦੀਆਂ, ਗੁਰਦਾਸਪੁਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਦਾਦੂਵਾਲ ਨੂੰ ਪਟਨਾ ਸਾਹਿਬ ਸਮਾਗਮਾਂ ਵਿੱਚ ਜਾਣ ਤੋਂ ਰੋਕੇ ਜਾਣ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਕਾਰਜਕਾਰੀ ਜਥੇਦਾਰਾਂ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਅਕਾਲ ਤਖ਼ਤ ਸਾਹਿਬ 'ਤੇ ਇਕੱਤਰਤਾ ਕੀਤੀ। ਦਰਬਾਰ ਸਾਹਿਬ ਕੰਪਲੈਕਸ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਕਾਰਜਕਾਰੀ ਜਥੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸਿਕੰਦਰ ਮਲੂਕਾ ਨੂੰ ਸਿੱਖ ਅਰਦਾਸ ਦੀ ਨਕਲ ਦੇ ਮੁੱਦੇ 'ਤੇ ਸੱਦਿਆ ਹੈ। ਜ਼ਿਕਰਯੋਗ ਹੈ ਕਿ 26 ਦਸੰਬਰ ਨੂੰ ਮਲੂਕਾ ਦੇ ਰਾਮਪੁਰਾ ਫੂਲ ਵਿਖੇ ਦਫਤਰ ਦੇ ਉਦਘਾਟਨ ਸਮੇਂ ਹਿੰਦੂਵਾਦੀਆਂ ਵਲੋਂ ਸਿੱਖ ਅਰਦਾਸ ਦੀ ਨਕਲ ਕੀਤੀ ਗਈ ਸੀ।
ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਇਟਿਡ ਅਕਾਲੀ ਦਲ ਦੇ ਆਗੂਆਂ ਅਤੇ ਕਾਰਜਕਰਤਾਵਾਂ ਦੀ ਵੱਡੇ ਪੱਧਰ 'ਤੇ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੇ ਬਾਵਜੂਦ ਵੀ ਸਰਕਾਰ "ਸਰਬੱਤ ਖ਼ਾਲਸਾ" ਦੇ ਨਾਂ 'ਤੇ ਹੋ ਰਹੇ ਇਕੱਠ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕੀ।
« Previous Page — Next Page »