ਪੰਜਾਬ ਵਿੱਚ ਬਣੇ ਚੌਥੇ ਫਰੰਟ ‘ਆਵਾਜ਼-ਏ-ਪੰਜਾਬ’ ਵਿੱਚ ਵੰਡੀਆਂ ਪੈਣ ਦੇ ਆਸਾਰ ਬਣ ਗਏ ਹਨ। ਇਸ ਫਰੰਟ ਵਿਚਲੀਆਂ ਤਿੰਨੇ ਧਿਰਾਂ ਬੈਂਸ ਭਰਾ, ਸਿੱਧੂ ਜੋੜੀ ਤੇ ਪਰਗਟ ਸਿੰਘ ਆਉਂਦੇ ਦਿਨੀਂ ਵੱਖੋ-ਵੱਖਰੇ ‘ਸਿਆਸੀ ਰਾਹ’ ਅਪਣਾ ਸਕਦੇ ਹਨ।
ਭਾਜਪਾ ਆਗੂ ਡਾ. ਨਵਜੋਤ ਕੌਰ ਸਿੱਧੂ ਨੇ ਕੱਲ੍ਹ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਡਾ. ਸਿੱਧੂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਪਾਰਟੀ ਪ੍ਰਧਾਨ ਨੂੰ ਇਕ ਲਾਈਨ ਵਿੱਚ ਆਪਣਾ ਅਸਤੀਫ਼ਾ ਭੇਜਿਆ ਸੀ। ਉਨ੍ਹਾਂ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ‘ਅਵਾਜ਼-ਏ-ਪੰਜਾਬ’ ਫਰੰਟ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਗਿਰਗਿਟ ਵਾਂਗ ਰੰਗ ਬਦਲ ਰਿਹਾ ਹੈ ਅਤੇ ਸੌਦੇਬਾਜ਼ੀ ’ਤੇ ਉਤਰ ਆਇਆ ਹੈ। ਬਾਦਲ ਨੇ ਕਿਹਾ ਕਿ ਆਵਾਜ਼-ਏ-ਪੰਜਾਬ ਦਾ ਕੋਈ ਭਵਿੱਖ ਨਹੀਂ ਹੈ। ਉਪ ਮੁੱਖ ਮੰਤਰੀ ਨੇ ਕੱਲ੍ਹ ਬਠਿੰਡਾ ਵਿਖੇ ਗਰੋਥ ਸੈਂਟਰ ਵਿੱਚ ਕਾਰਗਿਲ ਇੰਡੀਆ ਕੰਪਨੀ ਦੇ ਡੇਅਰੀ ਫੀਡ ਪਲਾਂਟ ਦਾ ਉਦਘਾਟਨ ਕੀਤਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਵਿਰੋਧੀ ਲਹਿਰ ਨੂੰ ਖਿੰਡਣ ਤੋਂ ਬਚਾਉਣ ਲਈ ਧਰਮ ਨਿਰਪੱਖ ਪਾਰਟੀਆਂ ਨੂੰ ਇਕਜੁੱਟ ਕਰਨ ਵਾਸਤੇ ਆਵਾਜ਼-ਏ-ਪੰਜਾਬ ਨਾਲ ਚੋਣਾਂ ਤੋਂ ਪਹਿਲਾਂ ਸਮਝੌਤਾ ਕਰਨ ਲਈ ਤਿਆਰ ਹੈ। ਮੀਡੀਆਂ 'ਚ ਛਪੀਆਂ ਖਬਰਾਂ ਮੁਤਾਬਕ ਕੈਪਟਨ ਨੇ ਕਿਹਾ ਕਿ ਉਹ ਚੋਣਾਂ ਵਿੱਚ ਆਵਾਜ਼-ਏ-ਪੰਜਾਬ ਦੇ ਆਗੂਆਂ ਨਾਲ ਸੀਟਾਂ ਦੀ ਵੰਡ ਬਾਰੇ ਵੀ ਖੁੱਲ੍ਹੇ ਮਨ ਨਾਲ ਵਿਚਾਰ ਕਰ ਸਕਦੇ ਹਨ। ਨਵਜੋਤ ਸਿੱਧੂ ਦੀ ਅਗਵਾਈ ਵਾਲੇ ਇਸ ਫਰੰਟ ਬਾਰੇ ਕੈਪਟਨ ਨੇ ਕਿਹਾ,‘ਇਸ ਫਰੰਟ ਦੇ ਆਗੂਆਂ ਦਾ ਆਪਣਾ ਜਨ ਅਧਾਰ ਹੈ।
ਆਮ ਆਦਮੀ ਪਾਰਟੀ ਵਿੱਚੋਂ ਕੱਢੇ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਕੱਲ੍ਹ ਚੰਡੀਗੜ੍ਹ ਵਿਖੇ ਵੱਖ-ਵੱਖ ਧਿਰਾਂ ਦੀ ਹੋਈ ਮੀਟਿੰਗ ਵਿੱਚ ‘ਆਪ’ ਤੋਂ ਦੁਖੀ ਤਿੰਨ ਮੁੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ, ਪ੍ਰੋ. ਮਨਜੀਤ ਸਿੰਘ ਅਤੇ ਡਾ. ਗਾਂਧੀ ਵੱਲੋਂ ਵੱਖਰਾ ਸਿਆਸੀ ਫਰੰਟ ਬਣਾਉਣ ਉਪਰ ਸਹਿਮਤੀ ਦਿੱਤੀ ਗਈ ਹੈ।
ਆਵਾਜ਼-ਏ-ਪੰਜਾਬ ਦੇ ਆਗੂ ਨਵਜੋਤ ਸਿੱਧੂ ਵੱਲੋਂ ਪਾਰਟੀ ਨਾ ਬਣਾਉਣ ਦੇ ਐਲਾਨ ਤੋਂ ਬਾਅਦ ਕੱਲ੍ਹ ਆਵਾਜ਼-ਏ-ਪੰਜਾਬ ਫਰੰਟ ਨਾਲ ਜੁੜੇ ਵਿਧਾਇਕ ਸਿਮਰਜੀਤ ਬੈਂਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਫਰੰਟ ਹਰ ਹਾਲ ’ਚ ਵਿਧਾਨ ਸਭਾ ਚੋਣਾਂ ਲੜੇਗਾ। ਆਵਾਜ਼-ਏ-ਪੰਜਾਬ ਫਰੰਟ ਚੋਣਾਂ ਤੋਂ ਪਹਿਲਾਂ ਸਹੀ ਪਾਰਟੀ ਨਾਲ ਗੱਠਜੋੜ ਕਰਨ ਤੋਂ ਬਾਅਦ ਵਿਧਾਨ ਸਭਾ ਚੋਣਾਂ ਲੜੇਗਾ ਅਤੇ ਇਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਖ਼ੁਦ ਹੋਣਗੇ। ਵਿਧਾਇਕ ਬੈਂਸ ਭਰਾਵਾਂ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਉਨ੍ਹਾਂ ਦਾ ਮੋਰਚਾ ਕਦੇ ਵੀ ਅਕਾਲੀ-ਭਾਜਪਾ ਸਰਕਾਰ ਦਾ ਸਾਥ ਨਹੀਂ ਦੇਵੇਗਾ। ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੋਵੇਂ ਕੋਟਮੰਗਲ ਸਿੰਘ ਨਗਰ ਸਥਿਤ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
'ਆਪ' ਨੂੰ ਪੰਜਾਬ 'ਚ ਬਗੈਰ ਕਿਸੇ ਸ਼ਰਤ ਸਮਰਥਨ ਦੇਣ ਵਾਲੇ ਪੰਜਾਬ ਲੋਕ ਹਿੱਤ ਅਭਿਆਨ ਦੇ ਕਨਵੀਨਰ ਜਗਮੀਤ ਸਿੰਘ ਬਰਾੜ ਨੇ ਅਵਾਜ਼-ਏ-ਪੰਜਾਬ ਵੱਲੋਂ ਨਵੀਂ ਸਿਆਸੀ ਪਾਰਟੀ ਨਾ ਬਣਾਏ ਜਾਣ ਸਬੰਧੀ ਐਲਾਨ ਦਾ ਸਵਾਗਤ ਕੀਤਾ ਹੈ।
ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ। ਬਿਆਨ ਵਿਚ ਕਿਹਾ ਗਿਆ, "ਅਸੀਂ ਚੋਣਾਂ 'ਚ ਕਿਸੇ ਵੀ ਅਜਿਹੇ ਰਾਜਨੀਤਕ ਦਲ ਨਾਲ ਗਠਜੋੜ ਕਰਨ ਨੂੰ ਤਿਆਰ ਹਾਂ ਜਿਸ ਵਿਚ ਪੰਜਾਬ ਦੀ ਭਲਾਈ ਹੋਵੇ, ਆਵਾਜ਼-ਏ-ਪੰਜਾਬ ਨੂੰ ਫਰੰਟ ਹੀ ਰਹਿਣ ਦਿੱਤਾ ਜਾਏਗਾ, ਅਸੀਂ ਚੰਗੀ ਸਰਕਾਰ ਦੀ ਚੋਣ ਲਈ ਸਹਾਇਤਾ ਕਰਾਂਗੇ। ਅਸੀਂ ਲੋਕਾਂ ਨੂੰ ਸਪੱਸ਼ਟ ਕਰਾਂਗੇ ਕਿ ਉਹ ਪੰਜਾਬ ਦੇ ਹਿੱਤ ਲਈ ਵੋਟ ਪਾਉਣ। ਅਸੀਂ ਸਰਕਾਰ ਵਿਰੋਧੀ ਵੋਟ ਨੂੰ ਨਹੀਂ ਤੋੜਾਂਗੇ ਕਿਉਂਕਿ ਇਸ ਦਾ ਅਸਿੱਧੇ ਤੌਰ 'ਤੇ ਫਾਇਦਾ ਬਾਦਲ ਤੇ ਕੈਪਟਨ ਨੂੰ ਮਿਲੇਗਾ।"
ਪੰਜਾਬ 'ਚ ਨਵਾਂ ਉਭਰਿਆ ਰਾਜਨੀਤਕ ਫਰੰਟ ਆਵਾਜ਼-ਏ-ਪੰਜਾਬ 23 ਸਤੰਬਰ ਨੂੰ ਨਵੀਂ ਪਾਰਟੀ ਦਾ ਐਲਾਨ ਕਰ ਸਕਦਾ ਹੈ। ਸੂਤਰਾ ਮੁਤਾਬਕ ਜਲੰਧਰ ਤੋਂ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰਨ ਮੌਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੰਮ੍ਰਿਤਸਰ ਵਿਖੇ ਆਪਣੀ ਪਰਿਵਰਤਨ ਯਾਤਰਾ ਦੌਰਾਨ ਬੋਲਦਿਆਂ ਸੰਕੇਤ ਦਿੱਤਾ ਕਿ ਉਹ ਆਉਂਦੇ ਦਿਨਾਂ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਏ ਗਏ ਫਰੰਟ ਆਵਾਜ਼-ਏ-ਪੰਜਾਬ ਦਾ ਹਿੱਸਾ ਬਣ ਸਕਦੇ ਹਨ।
« Previous Page — Next Page »