ਦੁਨੀਆ ਅਜੀਬ ਦਿਸ਼ਾ ਵੱਲ ਵਧ ਰਹੀ ਹੈ। ਹਾਲਾਂਕਿ ਕਿਸਾਨਾਂ ਨੂੰ ਇਹ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਉਹ ਵਾਹਨਾਂ ਲਈ ਈਂਧਨ ਪੈਦਾ ਕਰਨ ਵਾਲੀਆਂ ਫ਼ਸਲਾਂ ਉਗਾਉਣ ਜਦਕਿ ਕਾਰੋਬਾਰੀ ਕੰਪਨੀਆਂ ਲੈਬਾਰਟਰੀਆਂ ਤੇ ਕਾਰਖਾਨਿਆਂ ਵਿਚ ਮਨੁੱਖੀ ਵਰਤੋਂ ਦੀ ਖਾਧ ਖੁਰਾਕ ਬਣਾਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਪਾੜਾ ਕਿਸ ਕਦਰ ਘਟ ਰਿਹਾ ਹੈ।
ਕਦੇ ਕਦਾਈਂ ਜੋ ਗੱਲ ਸ਼ਬਦਾਂ ਵਿਚ ਨਹੀਂ ਆਖੀ ਜਾ ਸਕਦੀ, ਚੁੱਪ ਉਹ ਕਹਿ ਦਿੰਦੀ ਹੈ। ਦਿੱਲੀ ਦੀ ਆਜ਼ਾਦਪੁਰ ਸਬਜ਼ੀ ਮੰਡੀ ਵਿਚ ਇਕ ਫੜ੍ਹੀ ਵਾਲੇ ਦੀ ਦਿਲ ਨੂੰ ਤਾਰ ਤਾਰ ਕਰਨ ਵਾਲੀ ਵੀਡਿਓ ਕਲਿਪ ਵਾਇਰਲ ਹੋਈ ਹੈ। ਜਦੋਂ ਉਸ ਫੜ੍ਹੀ ਵਾਲੇ ਤੋਂ ਪੁੱਛਿਆ ਗਿਆ ਕਿ ਜੇ ਉਹ ਕੀਮਤਾਂ ਵਿਚ ਉਛਾਲ ਕਾਰਨ ਟਮਾਟਰ ਨਾ ਖਰੀਦ ਸਕਿਆ ਤਾਂ ਕੀ ਉਹ ਅੱਜ ਦੇ ਦਿਨ ਖਾਲੀ ਰੇਹੜੀ ਲੈ ਕੇ ਚਲਿਆ ਜਾਵੇਗਾ ਤਾਂ ਉਸ ਦੇ ਲਬ ਥਰਥਰਾ ਗਏ ਅਤੇ ਹੰਝੂ ਛਲਕ ਪਏ- ਇਹ ਇਕ ਪਲ ਹੀ ਉਸ ਦੀ ਬੇਵਸੀ ਦੀ ਜ਼ੁਬਾਨ ਬਣ ਗਿਆ।