ਬਰਤਾਨੀਆ ਵਿੱਚ ਖਾਲਿਸਤਾਨ ਸਮਰਥਕ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੀ ਮੀਟਿੰਗ ਗਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਮਿੰਘਮ ਵਿਖੇ ਹੋਈ। ਜਿਸ ਵਿੱਚ ਅਨਿਲ ਕੌਲ (ਭਾਰਤ ਦਾ ਰੱਖਿਆ ਮਾਹਰ) ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਾਬਲ ਵਕੀਲਾਂ ਦੁਆਰਾ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ ਅਤੇ ਉਪਰੰਤ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਕੇ ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਪੁਲਿਸੀਆਂ ਅਤੇ ਜ਼ਿੰਮੇਵਾਰ ਸਿਆਸੀ ਆਗੂਆਂ ਖਿਲਾਫ ਅਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਵਾਸਤੇ ਅਨਿਲ ਕੌਲ ਵਲੋਂ ਜਨਤਕ ਤੌਰ 'ਤੇ ਕੀਤੇ ਇਕਬਾਲ ਨੂੰ ਅਧਾਰ ਬਣਾ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਸਖਤ ਮਿਹਨਤ ਨਾਲ ਤਿਆਰ ਕੀਤੇ ਦਸਤਾਵੇਜ਼ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਹੋਰ ਸਬੂਤ ਨਾਲ ਲਗਾਏ ਜਾਣਗੇ।
ਭਾਰਤ ਦੇ ਕਹੇ ਜਾਂਦੇ "ਰੱਖਿਆ ਮਾਹਰ" ਅਨਿਲ ਕੌਲ ਨੇ ਕਸ਼ਮੀਰ ਵਿਚ ਆਮ ਨਾਗਰਿਕਾਂ ਨੂੰ ਮਾਰਨ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਭਾਰਤ ਸਰਕਾਰ ਵਲੋਂ ਚਲਾਏ ਜਾਂਦੇ ਰਾਜ ਸਭਾ ਟੀ.ਵੀ. ਦੇ ਉੜੀ ਹਮਲੇ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਪ੍ਰੋਗਰਾਮ ਇਕ ਪ੍ਰੋਗਰਾਮ "ਦੇਸ਼ ਦੇਸ਼ਾਂਤਰ" ਵਿਚ ਅਨਿਲ ਕੌਲ ਨੇ ਕਿਹਾ, "ਜਿਵੇਂ ਕੇ.ਪੀ.ਐਸ. ਗਿੱਲ ਨੇ ਪੰਜਾਬ ਵਿਚ ਅੱਤਵਾਦੀਆਂ (ਖਾੜਕੂਆਂ) ਦੇ ਪਰਿਵਾਰਾਂ ਨੂੰ ਮਾਰਿਆ ਤਾਂ ਹੀ ਅੱਤਵਾਦ (ਲਹਿਰ) ਦਾ ਖਾਤਮਾ ਕੀਤਾ ਜਾ ਸਕਿਆ। ਇਸੇ ਨੀਤੀ ਨੂੰ ਕਸ਼ਮੀਰ ਵਿਚ ਵੀ ਅਮਲ ਵਿਚ ਲਿਆਉਣਾ ਚਾਹੀਦਾ ਹੈ।"