ਲੰਘੇ ਦਿਨ ਜਲੰਧਰ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ "ਪੰਥਕ ਅਸੈਂਬਲੀ" ਨਾਂ ਹੇਠ ਇਕ ਇਕੱਤਰਤਾ ਕਰਕੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸਿੱਖ ਨਜ਼ਰੀਏ ਤੋਂ ਵਿਚਾਰ ਕਰਨ ਦਾ ਐਲਾਨ ਕੀਤਾ ਹੈ।
ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ, ਸਾਲ 2003 ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲਾਗੂ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਂਦਿਆਂ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫ਼ੌਜ ਅਤੇ ਪੰਥਕ ਤਾਲਮੇਲ ਸੰਗਠਨ ਵਲੋਂ ਅੱਜ ਇਕ ਪ੍ਰਭਾਤ ਫੇਰੀ ਦਾ ਪ੍ਰਬੰਧ ਕੀਤਾ ਗਿਆ। ਇਹ ਪ੍ਰਭਾਤ ਫੇਰੀ ਸਵੇਰੇ 6 ਵਜੇ ਦੀ ਕਰੀਬ ਅਕਾਲ ਹਾਊਸ ਰੂਪ ਨਗਰ ਤੋਂ ਅਰੰਭ ਹੋਈ।
ਦਰਪੇਸ਼ ਕੌਮੀ ਮਸਲਿਆਂ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੂੰ ਪੰਥਕ ਤਾਲਮੇਲ ਸੰਗਠਨ ਦੇ ਬੈਨਰ ਹੇਠ ਇਕੱਤਰ ਕਰਨ ਦੇ ਮੁੱਖ ਸੂਤਰਧਾਰ, ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ. ਜਸਵਿੰਦਰ ਸਿੰਘ ਐਡਵੋਕੇਟ ਸ਼ਨੀਵਾਰ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਪਾਰਟੀ ਵਿੱਚ ਸ਼ਾਮਿਲ ਕਰਨ ਅਰਵਿੰਦ ਕੇਜ਼ਰੀਵਾਲ, ਪਾਰਟੀ ਦੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਪੱਤਰਕਾਰ, ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਤੇ ਹਰਵਿੰਦਰ ਸਿੰਘ ਫੂਲਕਾ, ਵਿਧਾਨ ਸਭਾ ਹਲਕਾ ਦੱਖਣੀ ਤੋਂ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਝਰ ਵਿਸ਼ੇਸ਼ ਤੌਰ 'ਤੇ ਪੁਜੇ। ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਜਸਵਿੰਰ ਸਿੰਘ ਐਡਵੋਕੇਟ ਦੀ ਹਮਾਇਤ 'ਚ ਹਾਜ਼ਰ ਸਨ।
ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਇਥੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਰਧਾ ਸਤਿਕਾਰ ਸਾਹਿਤ ਮਨਾਇਆ ਗਿਆ। ਇਸ ਸੰਬੰਧ ਵਿੱਚ ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਉਪਰਾਲੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਰੂਪ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਨਗਰ ਕੀਰਤਨ ਸ਼ੁਰੂ ਹੋਇਆ। ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਅਰੰਭ ਹੋਏ ਇਸ ਨਗਰ ਕੀਰਤਨ ਵਿੱਚ ਕੀਰਤਨੀ ਜਥੇ, ਗੱਤਕਾ ਪਾਰਟੀਆਂ ਅਤੇ ਸਕੂਲੀ ਬੱਚਿਆਂ ਨੇ ਬੈਂਡ ਸਮੇਤ ਹਿੱਸਾ ਲਿਆ। ਇਹ ਨਗਰ ਕੀਰਤਨ ਰੂਪ ਨਗਰ ਤੋਂ ਭਗਤਾਂ ਵਾਲਾ, ਕਟੜਾ ਕਰਮ ਸਿੰਘ, ਨਮਕ ਮੰਡੀ, ਆਟਾ ਮੰਡੀ, ਬਜ਼ਾਰ ਕਾਠੀਆਂ, ਬਜ਼ਾਰ ਮਾਈ ਸੇਵਾਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁਜਾ।
ਅਕਾਲ ਪੁਰਖ ਦੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂ ਜਸਵਿੰਦਰ ਸਿੰਘ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਸਿੱਖ ਕੌਮ ਅੱਗੇ ਸਾਰਿਆਂ ਨਾਲੋਂ ਵੱਡਾ ਮਸਲਾ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਦਾ ਬਣਿਆ ਹੋਇਆ ਹੈ। ਸਾਡੇ ਵਿਚੋਂ ਅਤੇ ਬਾਹਰੋਂ ਕੁਝ ਲੋਕ ਜਿੱਥੇ ਸਾਡੀ ਪਛਾਣ ਨੂੰ ਧੁੰਦਲਾ ਕਰਨ ਦਾ ਯਤਨ ਕਰ ਰਹੇ ਹਨ ਉਥੇ ਭਾਰਤ ਦਾ ਸੰਵਿਧਾਨ ਵੀ ਧਾਰਾ 25 ਰਾਹੀਂ ਸਾਡੀ ਵੱਖਰੀ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ। ਸਾਡੇ ਵਲੋਂ ਕੀਤੇ ਗਏ ਨਿੱਕੇ-ਨਿੱਕੇ ਯਤਨ ਬਾਬਾ ਬੋਤਾ ਸਿੰਘ, ਗਰਜਾ ਸਿੰਘ ਵਾਂਗ ਸਾਡੀ ਵੱਖਰੀ ਪਛਾਣ ਨੂੰ ਸਥਾਪਿਤ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਇਤਿਹਾਸ ਇਨ੍ਹਾਂ ਘਟਨਾਵਾਂ ਨੂੰ ਆਪਣੇ ਅੰਦਰ ਸੁਨਹਿਰੀ ਅੱਖਰਾਂ ਨਾਲ ਸੁਸ਼ੋਭਿਤ ਕਰ ਲੈਂਦਾ ਹੈ ਅਤੇ ਯਤਨ ਕਰਨ ਵਾਲੇ ਇਨਸਾਨ ਇਤਿਹਾਸ ਵਿਚ ਨਾਇਕ ਵਜੋਂ ਯਾਦ ਕੀਤੇ ਜਾਂਦੇ ਹਨ।