ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਭਾਈ ਪਰਮਜੀਤ ਸਿੰਘ ਭਿਉਰਾ ਦੇ ਮਾਤਾ ਪ੍ਰੀਤਮ ਕੌਰ ਜੀ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਮਜੀਠਾ ਪੁਲਸ ਵੱਲੋਂ ਸਿੱਖ ਕਾਰਕੁੰਨ ਪੱਪਲਪ੍ਰੀਤ ਸਿੰਘ ਉੱਪਰ ਧਾਰਾ 307 ਤਹਿਤ ਦਰਜ਼ ਕੀਤਾ ਮਾਮਲਾ ਰੱਦ ਹੋਵੇ। ਉਨ੍ਹਾਂ ਕਿਹਾ ਕਿ ਪੁਲਸ ਨੇ ਇਹ ਝੂਠਾ ਪਰਚਾ ਦਰਜ ਕੀਤਾ ਹੈ ਕਿਉਂਕਿ ਪਪਲਪ੍ਰੀਤ ਸਿੰਘ ਨਸ਼ਿਆਂ ਬਾਰੇ ਆਵਾਜ਼ ਚੁੱਕ ਰਿਹਾ ਸੀ।
ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ 'ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਾਂਝੇ ਤੌਰ 'ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਇੱਕ ਪੱਤਰ ਲਿਖ ਕੇ ਹਿੰਦੁਸਤਾਨੀ ਹਾਕਮਾਂ ਵਲੋਂ ਸਿੱਖਾਂ ਦੀ ਨਿਰੰਤਰ ਕੀਤੀ ਜਾ ਰਹੀ ਨਸਲਕੁਸ਼ੀ ਲਈ ਇਨਸਾਫ ਦੀ ਮੰਗ ਕੀਤੀ ਹੈ। 10 ਦਸੰਬਰ ਨੂੰ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾ, ਪਰਵੀਨ ਕੁਮਾਰ, ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਿਰਪਾਲ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰਾਂ ਦੇ ਅੱਤਿਆਚਾਰ ਰੋਕਣ ਲਈ ਅਦਾਲਤਾਂ ਦਾ ਦਖਲ ਜ਼ਰੂਰੀ ਹੈ ਲੇਕਿਨ ਜੱਜਾਂ ਦੀ ਨਿਯੁੱਕਤੀ ਬਾਰੇ ਧਾਰੀ ਨੀਤੀ ਨੇ ਇਸ ਮਾਮਲੇ ਵਿੱਚ ਸਰਕਾਰਾਂ ਦੀ ਭੂਮਿਕਾ ਨੂੰ ਬੇਨਕਾਬ ਕੀਤਾ ਹੈ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ "ਗੁਰਾਂ ਦੇ ਨਾਮ 'ਤੇ ਵੱਸਦਾ ਪੰਜਾਬ-ਮੰਗਦਾ ਜੁਲਮਾਂ ਦਾ ਹਿਸਾਬ" ਵਾਲਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਅੱਜ ਤਰਸਿੱਕਾ ਵਿਖੇ ਜ਼ੁਲਮ ਵਿਰੋਧੀ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸੰਗਤਾਂ ਦੇ ਇਕੱਠ ਨੇ ਪਾਸ ਮਤੇ ਵਿੱਚ ਮੰਗ ਕੀਤੀ ਕਿ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੋਟਾਲੇ ਦੀ ਅਤੇ ਬਾਦਲ-ਭਾਜਪਾ ਮੰਤਰੀ ਮੰਡਲ ਦੀਆਂ ਜਾਇਦਾਦਾਂ ਦੀ ਨਿਰਪੱਖ ਪੜਤਾਲ ਸੁਪਰੀਮ ਕੌਰਟ ਦੀ ਨਿਗਰਾਨੀ ਹੇਠਾਂ ਹੋਵੇ। ਜ਼ੁਲਮ ਵਿਰੋਧੀ ਕਾਨਫਰੰਸ ਨੇ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਾਦਲ ਨੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਹੋ ਕੇ ਸਿੱਖ ਪੰਥ ਨਾਲ ਧ੍ਰੋਹ ਕਮਾਇਆ ਹੈ ਅਤੇ ਕੇ.ਪੀ.ਐਸ. ਗਿੱਲ ਨਾਲ ਗੁਪਤ ਮੁਲਾਕਾਤਾਂ ਕਰਕੇ ਸਿੱਖ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਣ ਦਾ ਨਾ ਮੁਆਫੀ ਯੋਗ ਅਪਰਾਧ ਕੀਤਾ ਹੈ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਨੂੰ ਆਰ.ਐਸ.ਐਸ. ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਰਕੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਜੱਜ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਆਰ.ਐਸ.ਐਸ ਦੇਸ਼ ਦੀ ਅਮਨਸ਼ਾਤੀ ਨੂੰ ਲਾਂਬੂ ਲਾ ਸਕਦਾ ਹੈ। ਭਾਂਵੇ ਮਨੁੱਖਤਾ ਵਿੱਚ ਵੰਡੀਆ ਪਾਉਣ ਵਾਲਾ ਇਹ ਅੱਤਵਾਦੀ ਸੰਗਠਨ ਮਾਲੇਗਾਉ, ਅਜਮੇਰ ਸ਼ਰੀਫ, ਅਤੇ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਬੰਬ ਧਮਾਕਿਆਂ ਕਾਰਨ ਬੇਨਕਾਬ ਹੋ ਚੁੱਕਾ ਹੈ ਪਰ ਹੁਣੇ-ਹੁਣੇ ਹੋਏ ਸੰਨਸਨੀਖੇਜ਼ ਖੁਲਾਸਿਆਂ ਨੇ ਮਨੁੱਖਤਾ ਨੂੰ ਗਹਿਰੀ ਚਿੰਤਾ ਵਿੱਚ ਪਾ ਦਿੱਤਾ ਹੈ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਧਾਨ ਹਰਮਨਦੀਪ ਸਿੰਘ, ਸਤਵੰਤ ਸਿੰਘ ਮਾਣਕ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਤੋਪਾਂ ਟੈਂਕਾਂ ਨਾਲ ਬੰਬਾਰੀ ਕਰਾ ਕੇ ਅਕਾਲ ਤਖਤ ਸਾਹਿਬ ਢਹਿਢੇਰੀ ਕਰਾਇਆ ਹੋਵੇ ਉਹ ਲੋਕ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਵੀ ਸੱਚ ਨਹੀਂ ਦੱਸਣਗੇ। ਉਨ੍ਹਾਂ ਵਲੋਂ ਇਹ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਬਿਆਨਬਾਜ਼ੀ ਦੇ ਸੰਦਰਭ ਵਿੱਚ ਕੀਤੀ ਜਿਸ ਵਿੱਚ ਦੋਵੇਂ ਆਗੂ ਐੱਸ.ਵਾਈ.ਐੱਲ. ਨਹਿਰ ਲਈ ਇਕ ਦੂਜੇ ਨੂੰ ਦੋਸ਼ੀ ਠਹਿਰਾ ਕੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਸੱਚ ਦੱਸਣ ਦੀਆਂ ਬਿਆਨਬਾਜ਼ੀਆਂ ਕਰ ਰਹੇ ਹਨ।