ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇੇ ਸੰਬੰਧ 'ਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਸਤੰਬਰ (ਦਿਨ ਸੋਮਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਜਾਰੀ ਕੀਤੀ ਗਈ ਸਾਲਾਨਾ ਛੋਟੀਆਂ ਦੀ ਸੂਚੀ ਵਿੱਚੋਂ ਖ਼ਾਲਸਾ ਸਾਜਨਾ ਦਿਹਾੜੇ ਦੀ ਪ੍ਰਵਾਨਤ ਛੁੱਟੀ ਖ਼ਤਮ ਕਰਕੇ ਇਸ ਨੂੰ ਰਾਖਵੀਂਆਂ ਛੁੱਟੀਆਂ ਵਿਚ ਸ਼ਾਮਲ ਕਰ ਦਿੱਤਾ ਸੀ। ਖ਼ਾਲਸਾ ਸਾਜਨਾ ਦਿਹਾੜੇ ਦੀ ਪ੍ਰਵਾਨਤ ਛੁੱਟੀ ਖ਼ਤਮ ਕਰਨ ਦਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ(ਯੂਐਸਏ) ਵੱਲੋ ਵਿਰੋਧ ਕੀਤਾ ਗਿਆ। ਇਨ੍ਹਾਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਖ਼ਾਲਸਾ ਸਾਜਨਾ ਦਿਹਾੜੇ ਦੀ ਪ੍ਰਵਾਨਤ ਛੁੱਟੀ ਬਹਾਲ ਕਰੇ ।
ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦੀ ਬਣੀ ਸਾਂਝੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਐਲਾਨ ਕੀਤੀਆਂ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚੋਂ ਖ਼ਾਲਸਾ ਸਾਜਨਾ ਦਿਵਸ ਦੀ ਪ੍ਰਵਾਨਿਤ ਛੁੱਟੀ ਖ਼ਤਮ ਕਰਕੇ ਇਸ ਨੂੰ ਰਾਖਵੀਆਂ ਛੁੱਟੀਆਂ ਵਿਚ ਸ਼ਾਮਲ ਕਰ ਦਿੱਤਾ। ਉਨ੍ਹਾਂ ਇਸ ਦੀ ਨਿੰਦਾ ਕਰਦਿਆਂ ਖ਼ਾਲਸਾ ਸਾਜਨਾ ਦਿਵਸ ਦੀ ਛੁੱਟੀ ਨੂੰ ਮੁੜ ਤੋਂ ਗਜ਼ਟਿਡ ਛੁੱਟੀਆਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀਆਂ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚੋਂ ਖ਼ਾਲਸਾ ਸਾਜਨਾ ਦਿਵਸ ਦੀ ਪ੍ਰਵਾਨਤ ਛੁੱਟੀ ਖ਼ਤਮ ਕਰਕੇ ਇਸ ਨੂੰ ਰਾਖਵੀਂਆਂ ਛੁੱਟੀਆਂ ਵਿਚ ਸ਼ਾਮਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਨੂੰ ਮੁੜ ਤੋਂ ਗਜ਼ਟਿਡ ਛੁੱਟੀਆਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।
ਪੰਜਾਬ ਸਰਕਾਰ ਵੱਲੋਂ ਸਾਲ 2018 ਲਈ 18 ਗਜਟਿਡ ਅਤੇ 39 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜ਼ਮ ਹੁਣ 5 ਰਾਖਵੀਆਂ ਛੁੱਟੀਆਂ ਲੈ ਸਕਣਗੇ, ਜਦੋਂਕਿ ਪਹਿਲਾਂ ਸਿਰਫ 2 ਰਾਖਵੀਆਂ ਛੁੱਟੀਆਂ ਦੀ ਸਹੂਲਤ ਸੀ।