September 3, 2018 | By ਸਿੱਖ ਸਿਆਸਤ ਬਿਊਰੋ
ਬਠਿੰਡਾ: ਡੀਜੀਪੀ ਸੁਮੇਧ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਵਿਧਾਨ ਸਭਾ ਵਿੱਚ ਅੱਠ ਘੰਟੇ ਦੀ ਚਰਚਾ ਤੋਂ ਬਾਅਦ ਕਾਫੀ ਕੁੱਝ ਸਪੱਸ਼ਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਲਈ ਸਮੇਂ ਦਾ ਪੁਲਿਸ ਮੁਖੀ ਸੁਮੇਧ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਬਰਾਬਰ ਦੇ ਦੋਸ਼ੀ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀਆਂ ਿਖਲਾਫ ਬਣਦੀ ਕਾਰਵਾਈ ਛੇਤੀ ਕਰਨੀ ਚਾਹੀਦੀ ਹੈ। ਉਹਨਾ ਨੇ ਕਿਹਾ ਕਿ ਇਹਨਾ ਦੋਸ਼ੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਜੇਕਰ ਕੈਪਟਨ ਸਰਕਾਰ ਛੇਤੀ ਕਾਰਵਾਈ ਨਹੀ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾ ਨੂੰ ਵੀ ਪੰਥਕ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਹਿਬਲ ਕਲਾਂ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਅਤੇ ਸਿੱਖ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਬਰਗਾੜੀ ਮੋਰਚੇ ਦੀ ਤੀਜੀ ਮੰਗ ਨੂੰ ਵੀ ਮੰਨ ਕੇ ਜਿਹੜੇ ਸਿੰਘਾ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆ ਹਨ, ਉਹਨਾ ਨੂੰ ਰਿਹਾਅ ਕਰਨਾ ਚਾਹੀਦਾ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਦਾ ਸਮਾਜਿਕ ਅਤੇ ਰਾਜਨੀਤਕ ਬਾਈਕਾਟ ਕਰਨ।
ਜਥੇਬੰਦੀ ਦੇ ਜਮੀਨੀ ਅਧਾਰ ਨੂੰ ਮਜਬੂਤ ਕਰਦਿਆਂ “ਸਿੱਖ ਯੂਥ ਆਫ਼ ਪੰਜਾਬ” ਨੇ ਆਪਣੀ ਅੱਜ ਦੀ ਇਕੱਤਰਤਾ ਵਿੱਚ ਜਿਲ੍ਹਾ ਬਠਿੰਡਾ ਦਾ ਜਥੇਬੰਦਕ ਢਾਂਚਾ ਉਸਾਰਦਿਆਂ ਹਰਪ੍ਰੀਤ ਸਿੰਘ ਖ਼ਾਲਸਾ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਜਗਤਾਰ ਸਿੰਘ ਨੂੰ ਜਨਰਲ ਸਕੱਤਰ ਐਲਾਨਿਆ। ਇਸ ਸਮੇਂ ਇਨ੍ਹਾਂ ਤੋਂ ਇਲਾਵਾ ਇਕਬਾਲ ਸਿੰਘ , ਸੁਖਵਿੰਦਰ ਸਿੰਘ, ਜਤਿੰਦਰ ਸਿੰਘ, ਵਿੱਕੀ ਸਿੰਘ, ਗੁਰਸੇਵਕ ਸਿੰਘ ਭਾਣਾ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
Related Topics: Behbal Kalan Goli Kand, Captain Amrinder Singh Government, Parkash Singh Badal, Sikh Youth of Punjab, Sumedh Saini