November 21, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਕਾਂਗਰਸ ਤੇ ਗੰਭੀਰ ਅਰੋਪ ਲਗਾਏ ਗਏ ਹਨ।ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਕਾਂਗਰਸ ਦੀ ਬੋਲੀ ਬੋਲਦੇ ਨਜਰ ਆਏ ਤੇ ਉਨ੍ਹਾਂ ਅਸਿੱਧੇ ਢੰਗ ਨਾਲ ਪੰਥਕ ਧਿਰਾਂ ਨੂੰ ਅੱਤਵਾਦੀ ਕਹਿ ਦਿੱਤਾ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਵਿੱਚ ਹੋਏ ਇਕੱਠ ਜਿਸ ਵਿੱਚ ਖਾਲਿਸਤਾਨ ਦਾ ਸਮਰਥਨ ਕੀਤਾ ਗਿਆ ਸੀ ਤੇ ਉਸ ਇਕੱਠ ਵਿੱਚ ਕਾਂਗਰਸ ਦੇ ਕੁਝ ਆਗੂਆਂ ਦੇ ਸ਼ਾਮਿਲ ਹੋਣ ਨਾਲ ਕਾਂਗਰਸ ਦਾ ਦੇਸ਼ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅੱਤਵਾਦੀ ਸੰਗਠਨਾ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਆਡੀਓ ਰਿਕਾਰਡਿੰਗ ਸਭ ਨੇ ਸੁਣੀਆਂ ਹਨ ਜਿਨ੍ਹਾਂ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਦੇ ਆਗਆਂ ਦੀ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਇਕੱਠ ਨੂੰ ਪੂਰੀ ਹਮਾਇਤ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਜਿਨ੍ਹਾਂ ਧਿਰਾਂ ਨਾਲ ਕਾਂਗਰਸ ਦੇ ਆਗੂਆਂ ਵੱਲੋਂ ਸਟੇਜ ਸਾਂਝੀ ਕੀਤੀ ਗਈ ਉਨ੍ਹਾਂ ਦੇ ਸੰਬੰਧ ਪਾਕਿਸਤਾਨ ਅਤੇ ਆਈ.ਐਸ.ਆਈ ਨਾਲ ਹਨ।ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਸੰਬੰਧੀ ਜਾਂਚ ਕਰ ਰਹੇ ਹਨ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸ਼ਨਾਖਤ ਕਰਕੇ ਕਾਰਵਾਈ ਕੀਤੀ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ “ਉਹ 80ਵਿਆਂ ਦੇ ਦੌਰ ਨੂੰ ਮੁੜ ਪੰਜਾਬ ਵਿੱਚ ਕਿਉਂ ਲਿਆਉਣਾ ਚਾਹੁੰਦੇ ਹਨ?”
ਸੁਖਬੀਰ ਬਾਦਲ ਦੇ ਇਸ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਕਾਂਗਰਸ ਦੇ ਐਮ.ਪੀ ਰਾਜੀਵ ਸ਼ੁਕਲਾ ਨੇ ਕਿਹਾ ਕਿ ਕਾਂਗਰਸ ਮੁੱਢ ਤੋਂ ਇੱਕ ਰਾਸ਼ਟਰਵਾਦੀ ਪਾਰਟੀ ਹੈ ਤੇ ਰਾਸ਼ਟਰ ਵਿਰੋਧੀ ਹੋਣ ਦਾ ਸ਼ੱਕ ਹਮੇਸ਼ਾ ਅਕਾਲੀ ਦਲ ਵਰਗੀਆਂ ਪਾਰਟੀਆਂ ਤੇ ਉੱਠਦਾ ਰਿਹਾ ਹੈ।
ਸੁਖਬੀਰ ਬਾਦਲ ਦੇ ਇਸ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਇੱਕ ਸੀਨੀਅਰ ਸਿੱਖ ਪੱਤਰਕਾਰ ਨੇ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਕਿਹਾ ਕਿ ਜਿਸ ਸਰਬੱਤ ਖਾਲਸਾ ਦੇ ਇਕੱਠ ਦੀ ਸੁਖਬੀਰ ਬਾਦਲ ਗੱਲ ਕਰ ਰਹੇ ਹਨ ਉਸ ਵਿੱਚ ਖਾਲਿਸਤਾਨ ਦਾ ਕੋਈ ਮਤਾ ਨਹੀਂ ਪੜਿਆ ਗਿਆ।ਇਸ ਲਈ ਸੁਖਬੀਰ ਬਾਦਲ ਆਪਣੀ ਜਾਣਕਾਰੀ ਨੂੰ ਦਰੁਸਤ ਕਰਨ।ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਮਾਗਮ ਵਿੱਚ ਕੋਈ ਵੀ ਸਿੱਖ ਸ਼ਾਮਿਲ ਹੋ ਸਕਦਾ ਹੈ ਅਤੇ ਉਸ ਇਕੱਠ ਵਿੱਚ ਕਾਂਗਰਸ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੁਮਾਂਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ ਜਿਸ ਵਿੱਚ ਬਸਪਾ ਦੇ ਆਗੂ ਵੀ ਸ਼ਾਮਿਲ ਸਨ।ਫੇਰ ਸਰਬੱਤ ਖਾਲਸਾ ਸਮਾਗਮ ਨੂੰ ਇੱਕ ਪਾਰਟੀ ਨਾਲ ਜੋੜ ਕੇ ਕਿਵੇਂ ਦੇਖਿਆ ਜਾ ਸਕਦਾ ਹੈ।
ਸੁਖਬੀਰ ਸਿੰਘ ਬਾਦਲ ਵੱਲੋ ਬੀਤੇ ਦਿਨੀ ਦਿੱਤੇ ਗਏ ਬਿਆਨ ਕਿ ਸਰਬੱਤ ਖਾਲਸਾ ਸਮਾਗਮ ਖੇਤਾਂ ਵਿੱਚ ਨਹੀਂ ਹੋ ਸਕਦਾ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸਿੱਖ ਇਤਿਹਾਸ ਦੀ ਬਿਲਕੁੱਲ ਵੀ ਸਮਝ ਨਹੀਂ ਹੈ ਕਿਉਂਕਿ ਇਤਹਿਾਸ ਵਿੱਚ ਸਿੱਖ ਜੰਗਲਾਂ ਵਿੱਚ ਵੀ ਸਰਬੱਤ ਖਾਲਸਾ ਸੱਦਦੇ ਰਹੇ ਹਨ।
Related Topics: Badal Dal, INC, Rahul Gandhi, Sarbat Khalsa(2015), sukhbir singh badal