January 3, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਆਪਣੀ ਜਲਾਲਾਬਾਦ ਸੀਟ ਦੇ ਐਲਾਨ ‘ਚ ਦੇਰੀ ਕਰਨਾ ਬਿਨਾਂ ਕਿਸੇ ਮਕਸਦ ਦੇ ਨਹੀਂ ਹੈ ਅਤੇ ਦੇਰੀ ਕਰਨ ਵਿੱਚ ਦਿੱਤਾ ਗਿਆ ਤਰਕ ਬਿਲਕੁਲ ਤਕਰਹੀਣ ਹੈ ਕਿਉਂਕਿ ਉਹ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰਕੇ ਆਪਣੀ ਸੀਟ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ।
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸੁਖਬੀਰ ਬਾਦਲ ਆਪਣੇ ਜੱਦੀ ਹਲਕੇ ਜਲਾਲਾਬਾਦ ਤੋਂ ਚੋਣ ਲੜਨ ਨੂੰ ਸੁਰੱਖਿਅਤ ਨਹੀਂ ਸਮਝਦੇ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਬਾਦਲ ਪਰਿਵਾਰ ਖਿਲਾਫ ਰਾਏ ਸਿੱਖ ਭਾਈਚਾਰੇ ਦੇ ਸਖਤ ਵਿਰੋਧ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਆਪ ਆਗੂਆਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੋਲ ਗੁਪਤ ਤਰੀਕੇ ਨਾਲ ਪਹੁੰਚ ਕੀਤੀ ਅਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉਹ (ਸੁਖਬੀਰ ਬਾਦਲ) ਨੇ ਕੈਪਟਨ ਅਮਰਿੰਦਰ ਸਿੰਘ ਦੇ ਗੋਡਿਆਂ ਨੂੰ ਹੱਥ ਲਾ ਕੇ ਇਹ ਮੰਗ ਕੀਤੀ ਹੈ ਕਿ ਕਾਂਗਰਸ ਵੱਲੋਂ ਉਸਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰੇ ਗਏ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਨੂੰ ਉਥੋਂ ਬਦਲਿਆ ਜਾਵੇ। ਆਪ ਆਗੂਆਂ ਨੇ ਕਿਹਾ ਕਿ ਇਹ ਸਾਡੇ ਧਿਆਨ ਵਿੱਚ ਆ ਗਿਆ ਹੈ ਕਿ ਸੁਖਬੀਰ ਬਾਦਲ ਦਵਿੰਦਰ ਘੁਬਾਇਆ ਨੂੰ ਜਲਾਲਾਬਾਦ ਤੋਂ ਫਾਜਿਲਕਾ ਤਬਦੀਲ ਕਰਵਾਉਣਾ ਚਾਹੁੰਦੇ ਹਨ।
ਵੜੈਚ ਅਤੇ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਮਿਲੀ ਸਿਆਸੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਉਥੋਂ ਜਿੱਤਣਾ ਸੰਭਵ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਉਥੇ ਬਾਦਲ ਪਰਿਵਾਰ ਨੂੰ ਚੁਣੌਤੀ ਦਿੱਤੀ ਹੋਈ ਹੈ। ਆਪ ਆਗੂਆਂ ਨੇ ਕਿਹਾ ਕਿ ਸ਼ੁਰੂ ਵਿੱਚ ਤਾਂ ਸੁਖਬੀਰ ਬਾਦਲ ਨੇ ਘੁਬਾਇਆ ਦੇ ਪਰਿਵਾਲ ਵੱਲੋਂ ਚਲਾਏ ਜਾਂਦੇ ਕਾਲਜ ਉਤੇ ਛਾਪਾ ਮਾਰ ਕੇ ਉਸਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਹਰਸਿਮਰਤ ਬਾਦਲ ਵੱਲੋਂ ਘੁਬਾਇਆ ਨੂੰ ‘ਨਾਸ਼ੁਕਰੇ ਵਿਅਕਤੀ’ ਦੱਸ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਅਤੇ ਨਾਲ ਹੀ ਪਾਰਟੀ ਛੱਡਣ ਲਈ ਵੀ ਕਿਹਾ ਗਿਆ।
ਆਪ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਅਕਾਲੀ-ਭਾਜਪਾ ਸਰਕਾਰ ਖਿਲਾਫ ਗੁੱਸੇ ਅਤੇ ਰਾਏ ਸਿੱਖ ਭਾਈਚਾਰੇ ਦੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਾਰਨ ਬਾਦਲਾਂ ਨੇ ਇਹ ਸਹੀ ਅੰਦਾਜਾ ਲਗਾਇਆ ਹੈ ਕਿ ਜਲਾਲਾਬਾਦ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ।
Related Topics: Aam Aadmi Party, Badal Dal, Bhagwant Maan, Captain Amrinder Singh Government, Congress Government in Punjab 2017-2022, Gurpreet Singh Waraich Ghuggi, Punjab Elections 2017 (ਪੰਜਾਬ ਚੋਣਾਂ 2017), Punjab Polls 2017, sukhbir singh badal