ਸਿੱਖ ਖਬਰਾਂ

ਘੱਟਗਿਣਤੀਆਂ ਨੂੰ ਧਮਕਾ ਕੇ ਫ਼ਿਰਕੂ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ: ਬਾਬਾ ਹਰਨਾਮ ਸਿੰਘ ਖ਼ਾਲਸਾ

April 7, 2018 | By

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੰਗਾਨਗਰ , ਰਾਜਸਥਾਨ ਦੇ ਇਕ ਧਾਰਮਿਕ ਅਸਥਾਨ ਦੇ ਜ਼ਿੰਮੇਵਾਰ ਅਧਿਕਾਰੀ ਵਲੋਂ ਗੈਰ ਹਿੰਦੂਆਂ ਨੂੰ ਸ੍ਰੀ ਗੰਗਾਨਗਰ ਛੱਡ ਜਾਣ ਜਾਂ ਫਿਰ ਉਨ੍ਹਾਂ ਨੂੰ ਮਾਰ ਭਜਾਏ ਜਾਣ ਪ੍ਰਤੀ ਇਤਰਾਜ਼ਯੋਗ ਮੈਸੇਜ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਕੇ ਸ਼ਰੇਆਮ ਦਿਤੀ ਗਈ ਧਮਕੀ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਰਾਜਸਥਾਨ ਸਰਕਾਰ ਅਤੇ ਸ੍ਰੀ ਗੰਗਾਨਗਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਕਤ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਅਤੇ ਪੂਰੀ ਜ਼ਿੰਮੇਵਾਰੀ ਅਤੇ ਸੰਜੀਦਗੀ ਨਾਲ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਬਾਬਾ ਹਰਨਾਮ ਸਿੰਘ ਧੁੰਮਾ

ਦਮਦਮੀ ਟਕਸਾਲ ਦੇ ਮੁਖੀ ਨੇ ਸਿਖਾਂ ਸਮੇਤ ਘੱਟਗਿਣਤੀ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰਖਣ ਦੀ ਅਪੀਲ ਕਰਦਿਆਂ ਕਿਹਾ ਕਿ ਘਟਗਿਣਤੀ ਭਾਈਚਾਰਿਆਂ ਪ੍ਰਤੀ ਗੈਰ ਸਮਾਜਿਕ ਭਾਸ਼ਾ ਵਰਤਦਿਆਂ ਧਮਕੀਆਂ ਦੇ ਕੇ ਸ੍ਰੀ ਗੰਗਾਨਗਰ ਦੇ ਅਰੋੜਵੰਸ਼ ਮੰਦਰ ਟਰੱਸਟ ਦੇ ਜ਼ਿੰਮੇਵਾਰ ਅਧਿਕਾਰੀ ਗੌਰਵ ਢਿੰਗਰਾ ਨੇ ਫ਼ਿਰਕਾਪ੍ਰਸਤੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਗੰਗਾਨਗਰ ਪ੍ਰਸ਼ਾਸਨ ਅਤੇ ਰਾਜਸਥਾਨ ਸਰਕਾਰ ਨੂੰ ਫ਼ਿਰਕੂ ਨਫ਼ਰਤ ਫੈਲਾਉਣ ਦੀ ਤਾਂਘ ‘ਚ ਬੈਠੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਲਿਖੇ ਗਏ ਪੱਤਰ ਵਿਚ ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਭੜਕਾਊ ਅਤੇ ਘਿਰਣਾਪੂਰਨ ਕਾਰਵਾਈਆਂ ਕਾਰਨ ਸਮਾਜਿਕ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੈ।

ਉਨ੍ਹਾਂ ਉਕਤ ਮਾਮਲੇ ਨੂੰ ਗੰਭੀਰ ਠਹਿਰਾਉਂਦਿਆਂ ਕਿਹਾ ਕਿ ਕਿਸੇ ਵੀ ਧਰਮ ਨੂੰ ਨੀਵਾਂ ਦਿਖਾਉਣ ਜਾਂ ਅਪਮਾਨ ਕਰਨ ਦੀ ਕਾਰਵਾਈ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੋਸ਼ਲ ਮੀਡੀਆ ਦਾ ਦੁਰਉਪਯੋਗ ਰੋਕਣ ਦਾ ਮੁੱਦਾ ਵੀ ਉਠਾਇਆ ਅਤੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਕਿ ਭਵਿਖ ਦੌਰਾਨ ਅਜਿਹੇ ਸ਼ਰਾਰਤੀ ਸੋਚ ਵਾਲਿਆਂ ਨੂੰ ਭਾਈਚਾਰਕ ਸਦਭਾਵਨਾ ਨੂੰ ਸਟ ਮਾਰਨ ਤੋਂ ਰੋਕਿਆ ਜਾ ਸਕੇ ਅਤੇ ਧਾਰਮਿਕ ਜਜਬਾਤਾਂ ਨੂੰ ਠੇਸ ਪਹੁੰਚਾਉਣ ਅਤੇ ਸਮਾਜਕ ਸ਼ਾਂਤੀ ‘ਚ ਖਲਲ ਪਾਉਣ ਦੀ ਕੋਸ਼ਿਸ਼ ਤਾਂ ਕੀ ਇਸ ਬਾਰੇ ਸੋਚਣ ਦਾ ਵੀ ਹੌਸਲਾ ਨਾ ਕਰ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,