February 29, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (28 ਫਰਵਰੀ, 2016): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿੱਥੇ ਪੰਜਾਬ ਵਿਧਾਨ ਸਭਾ ਦੀਆਂ ਆਉਦੀਆਂ ਚੋਣਾਂ ਵਿੱਚ ਆਪ ਪਾਰਟੀ ਦੀ ਸਰਕਾਰ ਬਣਾਉਣ ਲਈ ਆਪਣੀ ਦਿੱਲੀ ਸਰਕਾਰ ਦੀ ਪ੍ਰਾਪਤੀਆਂ ਦੱਸ ਰਹੇ ਹਨ, ਉੱਥੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਨਿਕੰਮੀ ਸਿੱਧ ਕਰਨ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ।
ਉਨ੍ਹਾਂ ਕਿਹਾ ਕਿ ਇਕ ਸਾਲ ਦੌਰਾਨ ਦਿੱਲੀ ‘ਚ ਮਹਿੰਗਾਈ ‘ਚ ਵਾਧਾ ਹੋਇਆ, ਜੁਰਮ ਵਧਿਆ, ਮੁਲਾਜ਼ਮਾਂ ਲਗਾਤਾਰ ਧਰਨੇ ‘ਤੇ ਹਨ, ਜਬਰ ਜਨਾਹ ਤੇ ਛੇੜ ਛਾੜ ਦੀਆਾ ਘਟਨਾਵਾਂ ‘ਚ ਵਾਧਾ, ਗ਼ਰੀਬਾਂ ‘ਤੇ ਅੱਤਿਆਚਾਰ ਵਧਿਆ, ਇਕ ਸਾਲ ‘ਚ ਦਿੱਲੀ ਗਤੀਹੀਣ ਹੋਈ, ਭਾਈ ਭਤੀਜਾਵਾਦ ਤਹਿਤ ਵੰਡੇ ਗਏ ਅਹੁਦੇ, ਵਿਧਾਇਕਾਂ ਦੀ ਤਨਖ਼ਾਹ ‘ਚ 400 ਫ਼ੀਸਦੀ ਵਾਧਾ ਤੇ ਸ਼ਰਾਬ ਦੀ ਵਿਕਰੀ ‘ਚ ਵਾਧਾ ‘ਆਪ’ ਦੀ ਉਪਲਬਧੀ ਹੈ ।
ਅਜੇ ਮਾਕਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਭਾਂਡਾ ਭੰਨਣ ਲਈ ਦਿੱਲੀ ਕਾਂਗਰਸ ਟੀਮ ਪੰਜਾਬ ‘ਚ ਘਰ-ਘਰ ਜਾਵੇਗੀ ਤੇ ਲੋਕਾਂ ਅੱਗੇ ਕੇਜਰੀਵਾਲ ਦਾ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰੇਗੀ ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਦੇ ਟੈਕਸ ਦੇ ਪੈਸਿਆਂ ਨਾਲ ਪੰਜਾਬ ‘ਚ ‘ਆਪ’ ਸਰਕਾਰ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਕਾਂਗਰਸ ਵੱਲੋਂ ਅਦਾਲਤ ‘ਚ ਪਟੀਸ਼ਨ ਪਾਈ ਸੀ ਤਾ ‘ਆਪ’ ਨੇ ਅਦਾਲਤ ‘ਚ ਇਹ ਗ਼ਲਤ ਜਵਾਬ ਦਿੱਤਾ ‘ਆਪ’ ਵੱਲੋਂ ਸਿਰਫ਼ 3 ਦਿਨ ਹੀ ਸਰਕਾਰ ਦੀਆਂ ਉਪਲਬਧੀਆਂ ਦੱਸਣ ਦੀ ਮੁਹਿੰਮ ਸੀ । ਮਾਕਨ ਨੇ ਕਿਹਾ ਕਿ ਇਸ ਦੇ ਬਾਵਜੂਦ ਪੰਜਾਬ ‘ਚ ਦਿੱਲੀ ਸਰਕਾਰ ਦੇ ਪ੍ਰਚਾਰ ‘ਤੇ ਲੰਮਾ ਸਮਾਂ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਗਿਆ ।
ਉਨ੍ਹਾਂ ਕਿਹਾ ਕਿ ਦਿੱਲੀ ‘ਚੋਂ ਕੇਜਰੀਵਾਲ ਇਕ ਸਾਲ ‘ਚ ‘ਨਸ਼ੇ’ ਖ਼ਤਮ ਨਹੀਂ ਕਰ ਸਕੇ ਤਾਂ ਪੰਜਾਬ ‘ਚ 2 ਮਹੀਨਿਆਂ ‘ਚ ਕਿਵੇਂ ਖ਼ਤਮ ਕਰ ਦੇਣਗੇ । ਉਨ੍ਹਾਂ 84 ਦੇ ਸਿੱਖ ਦੰਗਿਆਂ ਸਬੰਧੀ ਕਿਹਾ ਕਿ ਇਸ ‘ਚ ਜੋ ਵੀ ਸ਼ਾਮਿਲ ਹੋਵੇ, ਚਾਹੇ ਉਹ ਜਿਸ ਪਾਰਟੀ ਨਾਲ ਵੀ ਤਾਅਲੁਕ ਰੱਖਦਾ ਹੋਵੇ, ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਮੌਕੇ ਡੀ.ਪੀ.ਸੀ.ਸੀ. ਦੇ ਬੁਲਾਰੇ ਸ੍ਰੀਮਤੀ ਸ਼ਰਮਿਸ਼ਠਾ ਮੁਖਰਜੀ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਚਤਰ ਸਿੰਘ, ਭਰਮ ਯਾਦਵ ਤੇ ਪਰਪੀਤ ਬਰਾੜ ਜਨਰਲ ਸਕੱਤਰ ਆਲ ਇੰਡੀਆ ਮਹਿਲਾ ਕਾਗਰਸ ਵੀ ਮੌਜੂਦ ਸਨ।
Related Topics: Aam Aadmi Party, Arvind Kejriwal, Congress Government in Punjab 2017-2022, Punjab Assembly Elections 2017, Punjab Politics