ਸਿੱਖ ਖਬਰਾਂ

ਬਿਜਲੀ ਦੇ ਪੱਖੇ ਤੋਂ ਚੰਗਿਆੜੀ ਨਿਕਲਣ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋਏ

May 1, 2016 | By

ਬੁਢਲਾਡਾ: ਪਰਸੋਂ ਮੱਖੁ ਨੇੜੇ ਪਿੰਡ ਫੱਤੂ ਬਹਿਕ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਟ ਹੋਣ ਤੋਂ ਬਾਅਦ ਇੱਥੋਂ ਨੇੜਲੇ ਪਿੰਡ ਕੁਲਾਣਾ ਦੇ ਗੁਰਦੁਆਰੇ ਵਿੱਚ ਅੱਜ ਬਾਅਦ ਦੁਪਹਿਰ ਪਾਲਕੀ ਵਿੱਚ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਲਾਣਾ ਦੇ ਗੁਰਦੁਆਰੇ ਵਿੱਚ ਭਲਕੇ ਨੰਬਰਦਾਰ ਗੁਰਦੇਵ ਸਿੰਘ ਨਮਿਤ ਪਾਠ ਦਾ ਭੋਗ ਪੈਣਾ ਸੀ। ਇਸ ਕਰਕੇ ਅੱਜ ਪਰਿਵਾਰ ਵਾਲੇ ਗੁਰਦੁਆਰੇ ਵਿੱਚ ਸਾਫ-ਸਫਾਈ ਕਰਕੇ ਆਪਣੇ ਘਰ ਚਲੇ ਗਏ ਸਨ।

ਗੁਰਦੁਆਰੇ ਦਾ ਗ੍ਰੰਥੀ ਰੰਗਾ ਸਿੰਘ ਵੀ ਇਸ ਪਰਿਵਾਰ ਦੇ ਘਰ ਪਾਠ ਕਰਨ ਲਈ ਚਲਾ ਗਿਆ ਸੀ। ਇਸ ਮਗਰੋਂ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਇੱਕ ਰੇਹੜੀ ਮਾਲਕ ਨੇ ਗੁਰਦੁਆਰੇ ਦੇ ਰੌਸ਼ਨਦਾਨ ’ਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਤੁਰੰਤ ਗੁਰੂ ਘਰ ਦੇ ਡਾਲੀ ਵਾਲੇ ਭਾਈ ਜੀ ਸ਼ਿੰਗਾਰਾ ਸਿੰਘ ਨੂੰ ਦੱਸਿਆ ਤਾਂ ਉਸਨੇ ਨੇੜਲੇ ਹੀ ਗੁਰੂ ਘਰ ਬਾਬਾ ਇੰਤਕਾਲ ਸਾਹਿਬ ਦੇ ਸਪੀਕਰ ਤੋਂ ਪਿੰਡ ਵਾਸੀਆਂ ਨੂੰ ਸੂਚਿਤ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਇੱਕਠੇ ਹੋ ਕੇ ਅੱਗ ’ਤੇ ਕਾਬੂ ਪਾ ਲਿਆ।

ਮੌਕੇ ’ਤੇ ਐੱਸਡੀਐੱਮ ਕਾਲਾ ਰਾਮ ਕਾਂਸਲ, ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ, ਥਾਣਾ ਸਿਟੀ ਦੇ ਐਡੀਸ਼ਨਲ ਐੱਸਐੱਚਓ ਪ੍ਰਵੀਨ ਕੁਮਾਰ ਸ਼ਰਮਾ ਪਹੁੰਚ ਗਏ। ਉਨ੍ਹਾਂ ਨੇ ਅੱਗ ’ਤੇ ਕਾਬੂ ਪਾਏ ਜਾਣ ਤੋਂ ਬਾਅਦ ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਨਜ਼ਦੀਕ ਚੱਲ ਰਹੇ ਛੋਟੇ ਪੱਖੇ ਦੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: