August 17, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਫਰੀਦਕੋਟ ਦੇ ਨੇੜਲੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਚੌਕ ਵਿਚ ਲੱਗੇ ਧਰਨੇ ‘ਚ ਜਾਪ ਕਰਦੀਆਂ ਸੰਗਤਾਂ ‘ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਸਾਹਮਣੇ ਆਇਆ ਜਦ ਪੰਜਾਬ ਸਰਕਾਰ ਵਲੋਂ ਬੇਅਦਬੀ ਕਾਂਡ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਸ਼ ਨੂੰ ਮੰਨਦੇ ਹੋਏ ਦੂਜੀ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ।
ਬੇਹੱਦ ਗੁਪਤ ਢੰਗ ਤਰੀਕੇ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ. ਸੁਮੇਧ ਸਿੰਘ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਏ.ਡੀ.ਜੀ.ਪੀ. ਜਤਿੰਦਰ ਜੈਨ, ਸਾਬਕਾ ਐਸਐਸਪੀ ਸੁਖਵਿੰਦਰ ਸਿੰਘ ਮਾਨ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਰਹੇ ਗਗਨਜੀਤ ਸਿੰਘ ਬਰਾੜ ਸਮੇਤ ਐਸ.ਡੀ.ਐਮ. ਹਰਜੀਤ ਸਿੰਘ ਨੂੰ ਕੋਟਕਪੂਰਾ ਸਿਟੀ ਪੁਲਿਸ ਸਟੇਸ਼ਨ ਵਿਖੇ ਆਈਪੀਸੀ ਦੀ ਧਾਰਾ 307, 323, 341, 348, 349 ਅਤੇ ਆਰਮਜ਼ ਐਕਟ ਦੀ ਧਾਰਾ 27-29-59 ਦੇ ਤਹਿਤ ਨਾਮਜ਼ਦ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਨਾਮਜ਼ਦ ਕਰਨ ਦੀ ਕਾਰਵਾਈ ਗ੍ਰਹਿ ਵਿਭਾਗ ਦੇ ਪੱਤਰ ਨੰ. 7-213-2018 ਐਚਐਚਐਚ-3544 ਦੇ ਤਹਿਤ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਪੱਤਰ ਵਿਚ ਇਨ੍ਹਾਂ ਸਾਰੇ ਵਿਅਕਤੀਆਂ ਦੇ ਨਾਮ ਸ਼ਾਮਲ ਹਨ। ਅਸਲ ਵਿਚ ਇਸ ਪੱਤਰ ਵਿਚ ਗ੍ਰਹਿ ਵਿਭਾਗ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਭਾਗ ਪਹਿਲੇ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਡੀਜੀਪੀ ਪੰਜਾਬ ਨੂੰ ਲਿਿਖਆ ਸੀ। ਜਦੋਂ 7 ਅਗਸਤ ਨੂੰ ਐਫ਼ਆਈਆਰ ਦਰਜ ਕੀਤੀ ਗਈ ਤਾਂ ਡੀਜੀਪੀ ਸੁਰੇਸ਼ ਅਰੋੜਾ ਨੇ ਸਟੈਂਡ ਲਿਆ ਸੀ ਕਿ ਇਸ ਐਫ਼ਆਈਆਰ ਵਿਚ ਕਿਸੇ ਵੀ ਪੁਲਿਸ ਵਾਲੇ ਨੂੰ ਨਾਮਜ਼ਦ ਨਹੀਂ ਕੀਤਾ ਜਾਵੇਗਾ ਪ੍ਰੰਤੂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਗ੍ਰਹਿ ਵਿਭਾਗ ਨੇ ਪੱਤਰ ਜਾਰੀ ਕੀਤਾ। ਇਸ ਤੋਂ ਪਹਿਲਾਂ ਬਹਿਬਲ ਗੋਲੀਕਾਂਡ ‘ਚ ਚਾਰ ਪੁਲਿਸ ਅਫ਼ਸਰਾਂ ਨੂੰ ਵੀ ਨਾਮਜ਼ਦ ਕੀਤਾ ਜਾ ਚੁੱਕਿਆ ਹੈ।
ਕਿਵੇਂ ਕੀਤਾ ਨਾਮਜ਼ਦ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਲੈ ਕੇ ਨਾਰਾਜ਼ ਸਨ ਕਿ ਰਿਪੋਰਟ ਵਿਚ ਨਾਮ ਦਰਜ ਹੋਣ ਦੇ ਬਾਵਜੂਦ ਐਫ਼ਆਈਆਰ ਵਿਚ ਕਿਉਂ ਨਹੀਂ ਦਰਜ ਕੀਤੀ ਗਈ। ਇਕ ਮਾਮਲੇ ਵਿਚ ਦੋ ਐਫ਼ਆਈਆਰ ਨਹੀਂ ਹੋ ਸਕਦੀ, ਇਸ ਲਈ ਵਿਚਕਾਰਲਾ ਰਸਤਾ ਕੱਢਦੇ ਹੋਏ ਗ੍ਰਹਿ ਵਿਭਾਗ ਨੇ 10 ਅਗਸਤ ਨੂੰ ਇਕ ਪੱਤਰ ਡੀਜੀਪੀ ਪੰਜਾਬ ਨੂੰ ਭੇਜਿਆ, ਡੀਜੀਪੀ ਪੰਜਾਬ ਨੇ ਅੱਗੇ ਆਈਜੀ. ਫਿਰੋਜ਼ਪੁਰ ਰੇਂਜ ਨੂੰ ਭੇਜ ਦਿੱਤਾ ਅਤੇ ਉਨ੍ਹਾਂ ਇਸ ‘ਤੇ ਕਾਰਵਾਈ ਕਰਨ ਲਈ ਇਹ ਪੱਤਰ ਐਸ.ਐਸ.ਪੀ. ਫਰੀਦਕੋਟ ਨੂੰ ਭੇਜਦਿਆਂ ਕਾਰਵਾਈ ਕਰਨ ਨੂੰ ਲਿਿਖਆ। 12 ਅਗਸਤ ਨੂੰ ਕੋਟਕਪੂਰਾ ਸਿਟੀ ਥਾਣੇ ਵਿਚ ਦੁਪਹਿਰੇ ਕਰੀਬ 12 ਵਜੇ ਤੋਂ ਦੋ ਚਾਰ ਮਿੰਟ ਬਾਅਦ ਰੋਜ਼ਨਾਮਚੇ ਵਿੱਚ ਇਸ ਪੱਤਰ ਦਾ ਜ਼ਿਕਰ ਕਰਦਿਆਂ ਅਗਲੇਰੀ ਕਾਰਵਾਈ ਹੋਈ। ਆਈਜੀ. ਫਿਰੋਜ਼ਪੁਰ ਰੇਂਜ ਅਤੇ ਐਸਐਸਪੀ. ਫਰੀਦਕੋਟ ਦੀ ਚਿੱਠੀ ਦਾ ਹਵਾਲਾ ਦੇ ਕੇ ਲਿਿਖਆ ਗਿਆ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਪਹਿਲੇ ਭਾਗ ਦੇ ਮੁਤਾਬਕ ਕਾਰਵਾਈ ਕਰਕੇ ਇਸ ਕੇਸ ਨੂੰ ਸੀਬੀਆਈ ਭੇਜਣ ਦੀ ਸਿਫਾਰਿਸ਼ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਟਿਸ ਰਣਜੀਤ ਸਿੰਘ ਨੇ ਇਨ੍ਹਾਂ ‘ਤੇ ਕਾਰਵਾਈ ਕਰਨ ਲਈ ਇਕ ਐਸਡੀਐਮ ਦੇ ਬਿਆਨਾਂ ਦਾ ਹਵਾਲਾ ਦਿੱਤਾ ਹੈ, ਜਿਸ ਨੇ ਜਸਟਿਸ ਰਣਜੀਤ ਸਿੰਘ ਕੋਲ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕੋਟਕਪੂਰਾ ‘ਚ ਜਿਸ ਸਮੇਂ ਦਿਨ ਚੜ੍ਹੇ ਹੀ ਗੋਲੀਕਾਂਡ ਹੋਇਆ, ਉਸ ਦਿਨ ਮਨਤਾਰ ਸਿੰਘ ਬਰਾੜ ਅਤੇ ਮੁੱਖ ਮੰਤਰੀ ਦਫ਼ਤਰ ਵਿਖੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਹੋਈ ਸੀ। ਐਸਡੀਐਮ. ਨੇ ਦਾਅਵਾ ਕੀਤਾ ਸੀ ਕਿ ਬਾਦਲ ਨੇ ਧਰਨੇ ਨੂੰ ਚੁਕਾਉਣ ਲਈ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਅਤੇ ਉਸ ਪੁਲਿਸ ਕਾਰਵਾਈ ‘ਚ ਅਜੀਤ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਗੋਲੀ ਵੀ ਲੱਗੀ ਸੀ।
ਕੀ ਕਹਿੰਦੇ ਨੇ ਅਧਿਕਾਰੀ : ਇਸ ਮਾਮਲੇ ਵਿਚ ਦੂਜੀ ਰਿਪੋਰਟ ਦਰਜ ਨਹੀਂ ਹੋ ਸਕਦੀ ਸੀ, ਜਿਸ ਨੂੰ ਲੈ ਕੇ ਆਈਜੀ. ਦਫ਼ਤਰ ‘ਚ ਪੂਰਾ ਦਿਨ ਮੀਟਿੰਗਾਂ ਦਾ ਦੌਰ ਚਲਦਾ ਰਿਹਾ। ਦੇਰ ਸ਼ਾਮ ਇਹ ਫੈਸਲਾ ਹੋਇਆ ਕਿ ਉਕਤ ਕੇਸ ਨੂੰ ਸੀਬੀਆਈ ਹਵਾਲੇ ਕੀਤਾ ਜਾਵੇ, ਜਦ ਆਈਜੀ. ਫਿਰੋਜ਼ਪੁਰ ਰੇਂਜ ਗੁਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਫਿਰੋਜ਼ਪੁਰ ਐਸਐਸਪੀ. ਨਾਲ ਗੱਲ ਕਰਨ ਲਈ ਕਿਹਾ, ਜਦ ਐਸਐਸਪੀ ਫਰੀਦਕੋਟ ਸਮੇਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਉਕਤ ਮਾਮਲੇ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸਨ।
ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਇੰਚਾਰਜ ਗੁਰਦਿੱਤ ਸਿੰਘ ਸੇਖਂੋ ਦਾ ਕਹਿਣਾ ਹੈ ਕਿ ਪਹਿਲਾਂ ਐਫ਼ਆਈਆਰ. ਵਿਚ ਚਾਰ ਪੁਲਿਸ ਅਫ਼ਸਰ ਅਤੇ ਹੁਣ ਰੋਜ਼ਨਾਮਚੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਮੈਧ ਸੈਣੀ, ਉਮਰਾਨੰਗਲ ਅਤੇ ਮਨਤਾਰ ਸਿੰਘ ਬਰਾੜ ਸਮੇਤ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਉਣ ਕਰਕੇ ਸਾਰੇ ਮਾਮਲੇ ਦਾ ਪਰਦਾਫਾਸ਼ ਹੋਣਾ ਅਤਿ ਜ਼ਰੂਰੀ ਹੈ। ਬਾਦਲ ਸਰਕਾਰ ਵੇਲੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਜਾਪ ਕਰਦੀਆਂ ਸੰਗਤਾਂ ‘ਤੇ ਸਰਕਾਰ ਦੀ ਸ਼ਹਿ ‘ਤੇ ਗੋਲੀਆਂ ਚਲਾਉਣ ਵਾਲਿਆਂ ਦੀ ਸਚਾਈ ਜੱਗ ਜ਼ਾਹਰ ਕਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਸਚਾਈ ਦਾ ਖੁਲਾਸਾ ਹੋ ਸਕੇ।
ਉਨ੍ਹਾਂ ਕਿਹਾ ਕਿ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਉਕਤ ਮਾਮਲੇ ਨੂੰ ਲੈ ਕੇ ਸਿੱਖ ਨੌਜਵਾਨਾਂ ‘ਤੇ ਸ਼ਿਕੰਜਾ ਕਸਿਆ ਅਤੇ ਫਿਰ ਪ੍ਰੇਮੀਆਂ ਦੇ ਕਬੂਲਨਾਮੇ ਵਿਚੋਂ ਸੰਗਤਾਂ ਕਿਸ ਨੂੰ ਸੱਚ ਮੰਨਣ, ਇਸ ਲਈ ਬੇਅਦਬੀ ਮਾਮਲੇ ਦੀ ਸਚਾਈ ਅਤੇ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਜੱਗ ਜ਼ਾਹਰ ਹੋਣੀ ਚਾਹੀਦੀ ਹੈ ਤਾਂ ਜੋ ਸਾਢੇ ਤਿੰਨ ਸਾਲ ਤੋਂ ਸੰਘਰਸ਼ ਕਰ ਰਹੀਆਂ ਸੰਗਤਾਂ ਨੂੰ ਇਨਸਾਫ਼ ਮਿਲ ਸਕੇ।
Related Topics: Behbal Kalan Goli Kand, IG Paramraj Singh Umranangal, Kotakpura Incident, Parkash Singh Badal, Sumedh Saini