November 28, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਬੀਤੇ ਦਿਨ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨਾਲ ਤਕਰਾਰ ਕਰਨ ਵਾਲੀ ਫਤਿਹਾਬਾਦ ਜ਼ਿਲ੍ਹੇ ਦੀ ਮਹਿਲਾ ਐਸ.ਪੀ ਸੰਗੀਤਾ ਕਾਲੀਆ ਦਾ ਅੱਜ ਹਰਿਆਣਾ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ।
ਸੰਗੀਤਾ ਕਾਲੀਆ ਦਾ ਤਬਾਦਲਾ ਚੌਥੀ ਭਾਰਤੀ ਰਿਜ਼ਰਵ ਬਟੈਲੀਅਨ, ਮਾਨੇਸਰ ਵਿਖੇ ਕਮਾਂਡੈਂਟ ਦੇ ਅਹੁਦੇ ਤੇ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਬੀਤੇ ਦਿਨ ਹਰਿਆਣਾ ਵਿੱਚ ਇੱਕ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਹਾਲਾਤ ਉਦੋਂ ਤਣਾਅਪੂਰਣ ਹੋ ਗਏ ਸੀ ਜਦੋਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਗੁੱਸੇ ਵਿੱਚ ਆ ਕੇ ਮੀਟਿੰਗ ਵਿੱਚ ਸ਼ਾਮਿਲ ਫਤਿਹਾਬਾਦ ਦੀ ਮਹਿਲਾ ਐਸ.ਪੀ ਸੰਗੀਤਾ ਕਾਲੀਆ ਨੂੰ ਗੈਟ ਆਊਟ ਕਹਿ ਦਿੱਤਾ ਸੀ। ਪਰ ਐਸ.ਪੀ ਵੱਲੋਂ ਵਿਰੋਧ ਕਰਨ ਤੇ ਖੁਦ ਮੰਤਰੀ ਨੂੰ ਹੀ ਮੀਟਿੰਗ ਵਿੱਚੋਂ ਆਊਟ ਹੋਣਾ ਪਿਆ ਸੀ।
ਬਹਿਸ ਦਾ ਮੁੱਖ ਕਾਰਨ ਇਹ ਰਿਹਾ ਸੀ ਕਿ ਮੰਤਰੀ ਵੱਲੋਂ ਨਸ਼ਾ ਵਿਕਰੀ ਰੋਕਣ ਵਿੱਚ ਨਾਕਾਮ ਰਹਿਣ ਲਈ ਪੁਲਿਸ ਤੇ ਇਲਜ਼ਾਮ ਲਗਾਇਆ ਗਿਆ ਸੀ ਜਦਕਿ ਐਸ.ਪੀ ਨੇ ਕਿਹਾ ਸੀ ਕਿ ਪੁਲਿਸ ਕਾਰਵਾਈ ਕਰਦੀ ਹੈ ਪਰ ਨਸ਼ਾ ਵੇਚਣ ਵਾਲੇ ਜ਼ਮਾਨਤ ਲੈ ਕੇ ਦੁਬਾਰਾ ਫੇਰ ਨਸ਼ਾ ਵੇਚਣ ਲੱਗ ਜਾਂਦੇ ਹਨ।ਐਸ.ਪੀ ਨੇ ਕਿਹਾ ਸੀ ਕਿ ਸ਼ਰਾਬ ਸਰਕਾਰ ਵਿਕਵਾਉਂਦੀ ਹੈ, ਸਰਕਾਰ ਨੇ ਠੇਕਿਆਂ ਦੇ ਲਾਇਸੈਂਸ ਦਿੱਤੇ ਹਨ, ਸਰਕਾਰ ਨੂੰ ਸ਼ਰਾਬ ਬੰਦ ਕਰ ਦੇਣੀ ਚਾਹੀਦੀ ਹੈ, ਜਿਸ ਤੋਂ ਬਾਅਦ ਮੰਤਰੀ ਗੁੱਸੇ ਵਿੱਚ ਆ ਗਏ ਸਨ।
ਇਸ ਘਟਨਾ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਸੀ ਕਿ ਉਹ ਐਸਪੀ ਸੰਗੀਤਾ ਕਾਲੀਆ ਦੀ ਸ਼ਿਕਾਇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਰਨਗੇ।
Related Topics: Anil Vij, Fatehabad SP, Haryana Government, Haryana Health Minister, Sangeeta Kalia