October 31, 2016 | By ਸਿੱਖ ਸਿਆਸਤ ਬਿਊਰੋ
ਭੋਪਾਲ: ਭੋਪਾਲ ‘ਚ ਪੁਲਿਸ ਦਾ ਕਹਿਣਾ ਹੈ ਕਿ ਸੈਂਟਰਲ ਜੇਲ੍ਹ ਤੋਂ ਪਾਬੰਦੀਸ਼ੁਦਾ ਜਥੇਬੰਦੀ ਸਿਮੀ ਦੇ ਅੱਠ ਕਾਰਜਕਰਤਾ ਫਰਾਰ ਹੋ ਗਏ ਹਨ।
ਸਥਾਨਕ ਪੱਤਰਕਾਰ ਸ਼ੂਰੈਹ ਨਿਆਜ਼ੀ ਮੁਤਾਬਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅੱਜ (30-31 ਦੀ ਰਾਤ ਨੂੰ) ਤੜਕੇ ਹੋਈ ਅਤੇ ਇਕ ਜੇਲ੍ਹ ਗਾਰਡ ਇਸ ਮੌਕੇ ਮਾਰਿਆ ਗਿਆ।
ਡੀ.ਆਈ.ਜੀ. ਰਮਨ ਸਿੰਘ ਨੇ ਮੀਡੀਆ ਨੂੰ ਦੱਸਿਆ, “ਇਹ ਘਟਨਾ ਤੜਕੇ ਦੋ ਅਤੇ ਤਿੰਨ ਵਜੇ ਦੇ ਵਿਚਕਾਰ ਦੀ ਹੈ। ਇਹ ਲੋਕ ਪੁਲਿਸ ਅਧਿਕਾਰੀ ਰਾਧੇਸ਼ਾਮ ਦਾ ਗਲਾ ਵੱਢ ਕੇ ਭੱਜੇ ਹਨ।”
ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ ਭੱਜਣਵਾਲਿਆਂ ਨੇ ਗਾਰਦ ‘ਤੇ ਸਟੀਲ ਦੀ ਪਲੇਟ ਨਾਲ ਵਾਰ ਕੀਤਾ ਅਤੇ ਚਾਦਰਾਂ ਦੀ ਰੱਸੀ ਬਣਾ ਕੇ ਕੰਧ ‘ਤੇ ਚੜ੍ਹੇ ਅਤੇ ਪਾਰ ਕੀਤੀ।
ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (SIMI) ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ਹੈ।
ਤਿੰਨ ਸਾਲ ਪਹਿਲਾਂ ਵੀ ਸਿਮੀ ਨਾਲ ਸੰਬੰਧਤ ਬੰਦੇ ਖਾਂਡਵਾ ਜੇਲ੍ਹ ਦੇ ਗੁਸਲਖਾਨੇ ਦੀ ਕੰਧ ਤੋੜ ਕੇ ਫਰਾਰ ਹੋ ਗਏ ਸੀ। ਖਾਂਡਵਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 280 ਕਿਲੋਮੀਟਰ ਦੂਰੀ ‘ਤੇ ਹੈ।
Related Topics: bhopal jail break, Madhya Pradesh, Muslims in India, SIMI