February 28, 2017 | By ਸਿੱਖ ਸਿਆਸਤ ਬਿਊਰੋ
ਇੰਦੌਰ: ਇੰਦੌਰ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਜਥੇਬੰਦੀ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (SIMI) ਸਿਮੀ ਦੇ ਮੁਖੀ ਸਫਦਰ ਹੁਸੈਨ ਨਗੌਰੀ ਅਤੇ 10 ਹੋਰ ਕਾਰਕੁਨਾਂ ਨੂੰ 2008 ਦੇ “ਦੇਸ਼ ਧ੍ਰੋਹ ਕੇਸ ਵਿੱਚ ਦੋਸ਼ੀ” ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਦਸ ਸਿਮੀ ਕਾਰਜਕਰਤਾਵਾਂ ਨੂੰ ਅਦਾਲਤ ਦੇ ਫ਼ੈਸਲੇ ਬਾਰੇ ਵੀਡੀਓ-ਕਾਨਫਰੰਸਿੰਗ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਵੀਡੀਓ ਕਾਨਫਰੰਸਿੰਗ ਲਈ ਅਪੀਲ ਕੀਤੀ ਗਈ ਸੀ।
ਵਿਸ਼ੇਸ਼ ਐਡੀਸ਼ਨਲ ਸੈਸ਼ਨਜ਼ ਜੱਜ ਬੀ ਕੇ ਪਾਲੋਡਾ ਨੇ ਫ਼ੈਸਲਾ ਸੁਣਾਉਂਦਿਆਂ ਸਿਮੀ ਦੇ ਸਾਰੇ ਗਿਆਰਾਂ ਕਾਰਕੁਨਾਂ ਨੂੰ ਆਈਪੀਸੀ ਦੀਆਂ ਧਾਰਾਵਾਂ 124 (ਏ) ਅਤੇ 153 (ਏ) ਤੋਂ ਇਲਾਵਾ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਤਹਿਤ ਵੀ ਦੋਸ਼ੀ ਠਹਿਰਾਇਆ। 45 ਸਾਲਾ ਨਗੌਰੀ ਤੋਂ ਇਲਾਵਾ ਹਾਫਿਜ਼ ਹੁਸੈਨ (35), ਆਮਿਲ ਪਰਵੇਜ਼ (40), ਸ਼ਿਵਲੀ (38), ਕਮਰੂਦੀਨ (42), ਸ਼ਾਹਦੁਲੀ (32), ਕਾਮਰਾਨ (40), ਅਨਸਾਰ (35), ਅਹਿਮਦ ਬੇਗ (32), ਯਾਸੀਨ (35) ਅਤੇ ਮਨਰੋਜ਼ (40) ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਨਗੌਰੀ, ਪਰਵੇਜ਼, ਕਮਰੂਦੀਨ, ਕਾਮਰਾਨ, ਸ਼ਿਵਲੀ, ਅਹਿਮਦ ਬੇਗ ਅਤੇ ਹੁਸੈਨ ਨੂੰ ਆਈਪੀਸੀ ਦੀ ਧਾਰਾ 122 (ਸਰਕਾਰ ਖ਼ਿਲਾਫ਼ ਜੰਗ ਛੇੜਨ ਦੇ ਇਰਾਦੇ ਨਾਲ ਹਥਿਆਰ ਇਕੱਠੇ ਕਰਨ) ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ। ਸਰਕਾਰੀ ਵਕੀਲ ਵਿਮਲ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਨਰੋਜ਼ ਨੂੰ ਛੱਡ ਕੇ ਬਾਕੀ ਸਾਰੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ।
Related Topics: Hindu Groups, Indian Judicial System, Indian Nationalism, Safdar Nagori, SIMI