October 31, 2016 | By ਸਿੱਖ ਸਿਆਸਤ ਬਿਊਰੋ
ਭੋਪਾਲ: ਭੋਪਾਲ ਦੀ ਕੇਂਦਰੀ ਜੇਲ੍ਹ ਤੋਂ ਫਰਾਰ ਹੋਏ ਸਿਮੀ ਦੇ ਕਾਰਜਕਰਤਾ ਪੁਲਿਸ ਮੁਕਾਬਲੇ ‘ਚ ਮਾਰੇ ਗਏ ਹਨ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਪਿੰਡ ਈਂਟਖੇੜਾ ‘ਚ ਪੁਲਿਸ ਨੇ ਸਾਰਿਆਂ ਨੂੰ ਘੇਰ ਲਿਆ ਜਿਸਤੋਂ ਬਾਅਦ ਇਨਕਾਉਂਟਰ ‘ਚ ਸਾਰੇ ਮਾਰੇ ਗਏ। ਇਹ ਸਾਰੇ ਸਿਮੀ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਇਸਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਰਾਤ ਕਰੀਬ ਦੋ ਵਜੇ ਡਿਊਟੀ ‘ਤੇ ਤੈਨਾਤ ਗਾਰਦ ਰਮਾ ਸ਼ੰਕਰ ਦਾ ਕੈਦੀਆਂ ਨੇ ਕਤਲ ਕਰ ਦਿੱਤਾ। ਕਤਲ ਲਈ ਕੈਦੀਆਂ ਨੇ ਕਿਸੇ ਧਾਰ ਵਾਲੀ ਚੀਜ਼ ਦਾ ਇਸਤੇਮਾਲ ਕੀਤਾ। ਫੇਰ ਚਾਦਰ ਦੇ ਸਹਾਰੇ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋ ਗਏ ਸੀ। ਕਿਹਾ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਹੋਣ ਕਰਕੇ ਪਟਾਕਿਆਂ ਦੇ ਸ਼ੋਰ ‘ਚ ਕਿਸੇ ਨੂੰ ਪਤਾ ਨਹੀਂ ਚੱਲਿਆ।
ਇਸਤੋਂ ਬਾਅਦ ਜੇਲ੍ਹ ਕਪਤਾਨ ਅਤੇ ਤਿੰਨ ਜੇਲ੍ਹ ਮੁਲਾਜ਼ਮਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਫਰਾਰ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਹਰੇਕ ਸਿਮੀ ਕਾਰਜਕਰਤਾ ‘ਤੇ ਪੰਜ ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਸੀ।
ਕਹੀ ਜਾਂਦੇ ਪੁਲਿਸ ਮੁਕਾਬਲੇ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭੋਪਾਲ ਦੇ ਆਈ.ਜੀ. ਯੋਗੇਸ਼ ਚੌਧਰੀ ਨੇ ਮੀਡੀਆ ਵਲੋਂ ਇਹ ਪੁੱਛਣ ‘ਤੇ ਕਿ ਫਰਾਰ ਹੋਏ ਇਨ੍ਹਾਂ ਕੈਦੀਆਂ ਕੋਲ ਹਥਿਆਰ ਵੀ ਸਨ, ਚੌਧਰੀ ਨੇ ਕਿਹਾ, “ਹਾਂ, ਇਨ੍ਹਾਂ ਕੋਲ ਹਥਿਆਰ ਸਨ, ਉਨ੍ਹਾਂ ਨੇ ਗੋਲੀਆਂ ਚਲਾਈਆਂ, ਜਵਾਬੀ ਕਾਰਵਾਈ ‘ਚ ਇਹ ਸਾਰੇ ਮਾਰੇ ਗਏ।”
ਇਹ ਪੁੱਛਣ ‘ਤੇ ਕਿ ਇਨ੍ਹਾਂ ਕੋਲ ਕਿਹੜੇ ਹਥਿਆਰ ਸਨ, ਚੌਧਰੀ ਨੇ ਕਿਹਾ ਇਸਦੀ ਜਾਣਕਾਰੀ ਬਾਅਦ ‘ਚ ਦਿੱਤੀ ਜਾਏਗੀ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, “ਇਨ੍ਹਾਂ ਦੇ ਭੱਜਣ ਨਾਲ ਪੁਲਿਸ ਬਹੁਤ ਚਿੰਤਾ ਵਿਚ ਸੀ, ਸਾਨੂੰ ਲੋਕਾਂ ਦਾ ਸਹਿਯੋਗ ਮਿਿਲਆ, ਲੋਕਾਂ ਤੋਂ ਸਾਨੂੰ ਉਨ੍ਹਾਂ ਦੇ ਲੁਕਣ ਵਾਲੀ ਥਾਂ ਦਾ ਪਤਾ ਲੱਗਿਆ।”
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਇਸ ਮਾਮਲੇ ‘ਚ ਟਵੀਟ ਕੀਤਾ, “ਸਰਕਾਰੀ ਜੇਲ੍ਹ ਤੋਂ ਭੱਜੇ ਹਨ ਜਾਂ ਕਿਸੇ ਸਾਜਿਸ਼ ਤਹਿਤ ਭਜਾਏ ਗਏ ਹਨ?” ਜਾਂਚ ਹੋਣੀ ਚਾਹੀਦੀ ਹੈ।
ਦਿਗਵਿਜੈ ਨੇ ਕਿਹਾ ਕਿ ਉਨ੍ਹਾਂ ਨੇ ਸਿਮੀ ਅਤੇ ਬਜਰੰਗ ਦਲ ਦੋਨਾਂ ‘ਤੇ ਪਾਬੰਦੀ ਦੀ ਸਿਫਾਰਿਸ਼ ਐਨਡੀਏ ਸਰਕਾਰ ਨੂੰ ਭੇਜੀ ਸੀ ਪਰ ਸਿਮੀ ‘ਤੇ ਤਾਂ ਪਾਬੰਦੀ ਲਾ ਦਿੱਤੀ ਗਈ ਜਦਕਿ ਬਜਰੰਗ ਦਲ ‘ਤੇ ਨਹੀਂ ਲਾਈ।
ਇਸ ਮਾਮਲੇ ‘ਚ ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ, ਹਾਲਾਂਕਿ ਨਾਲ ਹੀ ਕਮਲਨਾਥ ਨੇ ਇਹ ਵੀ ਕਿਹਾ ਕਿ ਸੁਣ ਕੇ ਬੜਾ ਅਜੀਬ ਲੱਗ ਰਿਹਾ ਹੈ ਕਿ ਫਰਾਰ ਹੋਏ ਸਿਮੀ ਕਾਰਜਕਰਤਾ ਮਾਰੇ ਵੀ ਗਏ ਹਨ।
ਸੰਬੰਧਤ ਖ਼ਬਰ:
ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ ਅੱਠ ਕਾਰਜਕਰਤਾ ਭੋਪਾਲ ਜੇਲ੍ਹ ਤੋਂ ਫਰਾਰ …
ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Eight SIMI operators escape from Bhopal Central Jail; Guard Killed: Media Reports …
Eight SIMI Activists Killed in Encounter by Bhopal Police ATS after alleged Jail Escape from Bhopal …
Related Topics: bhopal jail break, Fake Encounter in India, Madhya Pradesh, Muslims in India, SIMI