May 3, 2018 | By ਸਿੱਖ ਸਿਆਸਤ ਬਿਊਰੋ
ਲੰਡਨ: ਭਾਰਤੀ ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਿੱਖ ਸਿਆਸੀ ਕੈਦੀ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਵਿਚ ਭਾਰਤੀ ਨਿਜ਼ਾਮ ਵਲੋਂ ਸਹੀ ਸਿਹਤ ਸਹੂਲਤਾਂ ਨਾ ਦੇਣ ਦੇ ਰੋਸ ਵਜੋਂ ਸਿੱਖਾਂ ਵਲੋਂ 4 ਮਈ ਨੂੰ ਜੇਨੇਵਾ ਸਥਿਤ ਸੰਯੁਕਤ ਰਾਸ਼ਟਰ (ਯੂ.ਐਨ) ਦੇ ਦਫਤਰ ਬਾਹਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਰੋਸ ਮੁਜ਼ਾਹਰਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਚਲੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਫੈਡਰੇਸ਼ਨ ਯੂਕੇ ਨੇ ਦੱਸਿਆ ਕਿ ਇਸ ਮੁਜ਼ਾਹਰੇ ਰਾਹੀਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਜਾਵੇਗੀ ਕਿ ਸਿੱਖਾਂ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੇ ਆਗੂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਸਾਜਿਸ਼ ਤਹਿਤ ਹਿਰਾਸਤ ਵਿਚ ਮਾਰਨ ਲਈ ਭਾਰਤ ਖਿਲਾਫ ਕਾਰਵਾਈ ਕੀਤੀ ਜਾਵੇ।
ਜਿਕਰਯੋਗ ਹੈ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਥਾਈਲੈਂਡ ਤੋਂ ਭਾਰਤ ਲਿਆਂਦਾ ਗਿਆ ਸੀ ਜਿੱਥੇ ਉਨ੍ਹਾਂ ‘ਤੇ ਕਈ ਕੇਸ ਪਾ ਕੇ ਲਗਾਤਾਰ ਜੇਲ੍ਹ ਵਿਚ ਨਜ਼ਰਬੰਦ ਰੱਖ ਕੇ ਤਸ਼ੱਦਦ ਕੀਤਾ ਗਿਆ। ਭਾਈ ਹਰਮਿੰਦਰ ਸਿੰਘ ਮਿੰਟੂ ਕਈ ਕੇਸਾਂ ਵਿਚੋਂ ਬਰੀ ਹੋ ਚੁੱਕੇ ਸਨ।
ਸਿੱਖ ਸੰਸਥਾਵਾਂ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਨੂੰ ਇਕ ਸਾਜਿਸ਼ੀ ਕਤਲ ਦੱਸਣ ਬਾਅਦ ਅਤੇ ਜੇਲ੍ਹਾਂ ਵਿਚ ਬੰਦ ਸਿਆਸੀ ਕੈਦੀਆਂ ਵਲੋਂ ਭੁੱਖ ਹੜਤਾਲ ਰੱਖਣ ਬਾਅਦ ਭਾਈ ਮਿੰਟੂ ਦੀ ਮੌਤ ਸਬੰਧੀ ਇਕ ਨਿਆਇਕ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਆਪਣੇ ਕੈਨੇਡਾ ਦੌਰੇ ਤੋਂ ਵਾਪਸੀ ਵੇਲੇ ਲੰਡਨ ਵਿਖੇ 1 ਮਈ, 2018 ਨੂੰ ਸਿੱਖ ਫੈਡਰੇਸ਼ਨ ਯੂਕੇ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਮੁੜ ਦੁਹਰਾਇਆ ਕਿ ਭਾਰਤੀ ਨਿਜ਼ਾਮ ਨੇ ਸਾਜਿਸ਼ ਨਾਲ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਕਤਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਲ੍ਹ ਵਾਰਡਨ ਨੇ ਜੇਲ੍ਹ ਡਾਕਟਰ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਇਲਾਜ ਲਈ ਪੀਜੀਆਈ ਲਿਜਾਣ ਦੀ ਸਲਾਹ ਨੂੰ ਨਾ ਮੰਨਿਆ, ਜਿਸ ਤੋਂ ਸਾਫ ਪ੍ਰਤੀਤ ਹੋ ਰਿਹਾ ਹੈ ਕਿ ਇਕ ਸਰਕਾਰੀ ਸਾਜਿਸ਼ ਤਹਿਤ ਭਾਈ ਮਿੰਟੂ ਦਾ ਕਤਲ ਕੀਤਾ ਗਿਆ ਹੈ।
ਸਿੱਖ ਫੈਡਰੇਸ਼ਨ ਯੂ.ਕੇ ਵਲੋਂ ਸਿੱਖ ਨੁਮਾਂਇੰਦੇ ਯੂਨਾਈਟਿਡ ਨੇਸ਼ਨਸ ਕਮਿਸ਼ਨਰ ਫਾਰ ਹਿਊਮਨ ਰਾਈਟਸ ਦੇ ਜੇਨੇਵਾ ਸਥਿਤ ਦਫਤਰ ਵਿਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦੇਣਗੇ।
ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਭਾਰਤੀ ਜੇਲ੍ਹਾਂ ਵਿਚ ਨਜ਼ਰਬੰਦ ਹੋਰ ਸਿੱਖ ਸਿਆਸੀ ਕੈਦੀਆਂ ਪ੍ਰਤੀ ਫਿਕਰ ਵੱਧ ਗਿਆ ਹੈ।
ਇਸ ਮੁਜ਼ਾਹਰੇ ਵਿਚ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੋਹਲ ਦਾ ਪਰਿਵਾਰ ਵੀ ਸ਼ਾਮਿਲ ਹੋਵੇਗਾ ਜਿਸ ਨੂੰ ਪੰਜਾਬ ਵਿਆਹ ਕਰਾਉਣ ਗਏ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ 4 ਨਵੰਬਰ, 2017 ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਹੈ।
Related Topics: Bhai Harminder Singh Mintu, Government of India, Human Rights Violation in India, Sikh Federation UK, Sikh Political Prisoners, SIkhs in United Nations, United Nation Organization, United Nations Human Rights Commission