September 17, 2015 | By ਸਿੱਖ ਸਿਆਸਤ ਬਿਊਰੋ
ਸੰਗਰੂਰ (16 ਸਤੰਬਰ, 2015): ਸਰਸੇ ਦੇ ਚਰਚਿੱਤ ਸੌਦਾ ਸਾਧ ਵੱਲੋਂ ਬਣਾਈ ਫਿਲਮ ਦਾ ਪੰਜਾਬ ਵਿੱਚ ਪ੍ਰਦਰਸ਼ਨ ਰੋਕਣ ਲਈ ਇੱਥੇ ਸਿੱਖ ਜੱਥੇਬੰਦੀਆਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਮੰਗ ਕੀਤੀ ਗੲੀ ਕਿ ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ਐਮਐਸਜੀ-2 ਨੂੰ ਪੰਜਾਬ ਵਿੱਚ ਰਿਲੀਜ਼ ਕਰਨ ’ਤੇ ਮੁਕੰਮਲ ਰੋਕ ਲਗਾਈ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇ ਫਿਲਮ ਪੰਜਾਬ ਵਿੱਚ ਰਿਲੀਜ਼ ਕੀਤੀ ਗਈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਇੰਟਰਨੈਸ਼ਨਲ ਯੂਨਾਈਟਡ ਗੁਰਮਤਿ ਗ੍ਰੰਥੀ ਸਭਾ ਦੀ ਅਗਵਾਈ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨ ਰੋਸ ਮਾਰਚ ਕਰਦੇ ਹੋੲੇ ਡੀ.ਸੀ. ਕੰਪਲੈਕਸ ਅੱਗੇ ਪੁੱਜੇ। ੳੁਹ ਮੰਗ ਕਰ ਰਹੇ ਸਨ ਕਿ ਸੁੱਖਾ-ਜਿੰਦਾ ਦੇ ਜੀਵਨ ’ਤੇ ਬਣੀ ਫਿਲਮ ’ਤੇ ਲੱਗੀ ਰੋਕ ਹਟਾਈ ਜਾਵੇ ਅਤੇ ਫਿਲਮ ਐਮਐਸਜੀ-2 ’ਤੇ ਮੁਕੰਮਲ ਰੋਕ ਲਗਾਈ ਜਾਵੇ।
ਇਸ ਮੌਕੇ ਸਭਾ ਦੇ ਸੂਬਾ ਜਨਰਲ ਸਕੱਤਰ ਬਚਿੱਤਰ ਸਿੰਘ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਐਮਐਸਜੀ-2 ਫਿਲਮ ਪੰਜਾਬ ਦੇ ਸਿਨੇਮਾਂ ਘਰਾਂ ਵਿੱਚ ਲਗਾਉਣ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਇਸ ਲੲੀ ਪੰਜਾਬ ਦੀ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਡੇਰਾ ਸਿਰਸਾ ਮੁਖੀ ਦੀ ਫਿਲਮ ’ਤੇ ਰੋਕ ਲਗਾਈ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਸਿਨੇਮਾਂ ਘਰਾਂ ਵਿੱਚ ਲਗਾਈ ਗਈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ।ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਅਤੇ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ’ਤੇ ਮੁਕੰਮਲ ਪਾਬੰਦੀ ਦੀ ਮੰਗ ਕੀਤੀ। ਇਸ ਮੌਕੇ ਸਭਾ ਦੇ ਜ਼ਿਲ੍ਹਾ ਬਰਸਾ ਸਿੰਘ, ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੇ ਭਾਈ ਦਰਸ਼ਨ ਸਿੰਘ, ਭਾਈ ਜਗਤਾਰ ਸਿੰਘ ਸਰਕਲ ਪ੍ਰਧਾਨ ਦਿੜ੍ਹਬਾ, ਸੁਖਵੀਰ ਸਿੰਘ ਸਰਕਲ ਪ੍ਰਧਾਨ ਬਰੇਟਾ ਤੇ ਪਰਗਟ ਸਿੰਘ ਰੋਗਲਾ ਵੀ ਹਾਜ਼ਰ ਸਨ।
Related Topics: Dera Sauda Sirsa, MSG 2 Movie, Sikh Panth