June 21, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸ਼ਿਲੋਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਰਹਿੰਦੇ ਸਿੱਖਾਂ ਨੇ ਬੀਤੇ ਕੱਲ੍ਹ ਮੇਘਾਲਿਆ ਸਰਕਾਰ ਵਲੋਂ ਉਨ੍ਹਾਂ ਨੂੰ ਉਜਾੜਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਖਿਲਾਫ ਪ੍ਰਦਰਸ਼ਨ ਕੀਤਾ। ਮੇਘਾਲਿਆ ਸਰਕਾਰ ਵਲੋਂ ਸਿੱਖਾਂ ਨੂੰ ਪੰਜਾਬੀ ਲੇਨ ਇਲਾਕੇ ਵਿਚੋਂ ਉਜਾੜ ਕੇ ਕਿਸੇ ਹੋਰ ਜਗ੍ਹਾ ਵਸਾਉਣ ਲਈ ਸਰਵੇ ਕਰਾਇਆ ਜਾ ਰਿਹਾ ਹੈ।
4 ਜੂਨ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਨੇ ਸ਼ਿਲੋਂਗ ਵਿਚ ਹੋਈ ਹਿੰਸਾ ਦੇ ਮੱਦੇਨਜ਼ਰ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਇਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਲੱਗ ਰਿਹਾ ਹੈ ਕਿ ਸਰਕਾਰ ਖਾਸੀ ਕਬੀਲੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਿੱਖਾਂ ਨੂੰ ਪੰਜਾਬੀ ਲੇਨ ਇਲਾਕੇ ਵਿਚੋਂ ਉਜਾੜਨ ਦੀ ਤਿਆਰੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ 31 ਮਈ ਨੂੰ ਇਕ ਸਿੱਖ ਔਰਤ ਦੀ ਸਥਾਨਕ ਬੱਸ ਡਰਾਈਵਰ ਅਤੇ ਕੰਡਕਟਰ ਨਾਲ ਹੋਈ ਤਕਰਾਰ ਤੋਂ ਬਾਅਦ ਖਾਸੀ ਕਬੀਲੇ ਦੇ ਲੋਕਾਂ ਨੇ ਸਿੱਖਾਂ ਖਿਲਾਫ ਵੱਡੇ ਪੱਧਰ ‘ਤੇ ਹਿੰਸਾ ਕੀਤੀ ਸੀ ਜਿਸ ਕਾਰਨ ਕੁਝ ਦਿਨ ਕਰਫਿਊ ਵੀ ਲੱਗਿਆ ਰਿਹਾ।
ਸਿੱਖਾਂ ਖਿਲਾਫ ਹੋਈ ਇਸ ਹਿੰਸਾ ਦੀ ਖ਼ਬਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਇਕ ਚਾਰ ਮੈਂਬਰੀ ਵਫਦ ਸ਼ਿਲੌਂਗ ਭੇਜਿਆ ਸੀ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਧੜਾ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਆਪਣੇ ਵਫਦ ਭੇਜੇ ਗਏ ਸਨ। ਪਰ ਇਹਨਾਂ ਵਫਦਾਂ ਦੀ ਪਹੁੰਚ ਦਾ ਕੋਈ ਸਾਰਥਕ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ।
ਸ਼ਿਲੋਂਗ ਦੇ ਪੰਜਾਬੀ ਲੇਨ ਇਲਾਕੇ ਵਿਚ ਬੀਤੀਆਂ ਦੋ ਸਦੀਆਂ ਤੋਂ ਰਹਿ ਰਹੇ 350 ਦੇ ਕਰੀਬ ਸਿੱਖ ਪਰਿਵਾਰਾਂ ਨੂੰ ਲੱਗ ਰਿਹਾ ਹੈ ਕਿ ਸਰਕਾਰ ਉਨ੍ਹਾਂ ਨੂੰ ਇੱਥੋਂ ਉਜਾੜ ਦਵੇਗੀ। ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਿਕ ਜਿਸ ਇਲਾਕੇ ਵਿਚ ਇਹ ਸਿੱਖ ਵਸੋਂ ਰਹਿੰਦੀ ਹੈ ਉਹ ਖਾਸੀ ਕਬੀਲੇ ਦੇ ਸਰਦਾਰ ਵਲੋਂ ਇਹਨਾਂ ਦੇ ਬਜ਼ੁਰਗਾਂ ਨੂੰ ਦਾਨ ਕੀਤੀ ਗਈ ਸੀ।
ਸ਼ਿਲੋਂਗ ਟਾਈਮਜ਼ ਅਖਬਾਰ ਦੀ ਰਿਪੋਰਟ ਅਨੁਸਾਰ ਸਰਨਾ ਧੜੇ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਸਿੱਖਾਂ ਨੂੰ ਉਜਾੜਨ ਦੀਆਂ ਇਹਨਾਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ ਤੇ ਸਿੱਖ ਪਰਿਵਾਰਾਂ ਦਾ ਸਮਰਥਨ ਕੀਤਾ ਹੈ।
ਸ਼ਿਲੋਂਗ ਵਿਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਨੇ ਕਿਹਾ, “ਅਸੀਂ ਇਸ ਸਰਵੇ ਦਾ ਵਿਰੋਧ ਕਰਦੇ ਹਾਂ ਕਿਉਂਕਿ ਥਾਂ ਤਬਦੀਲੀ ਸਾਨੂੰ ਮਨਜ਼ੂਰ ਨਹੀਂ ਹੈ।”
ਉਨ੍ਹਾਂ ਕਿਹਾ ਕਿ ਸ਼ਿਲੋਂਗ ਗਏ ਸਿੱਖ ਵਫਦ ਵਲੋਂ ਵਾਪਿਸ ਚਲੇ ਜਾਣ ਬਾਅਦ ਉਨ੍ਹਾਂ ਨਾਲ ਕੋਈ ਰਾਬਤਾ ਨਹੀਂ ਰੱਖਿਆ ਗਿਆ।
ਹਰੀਜਨ ਪੰਚਾਇਤ ਕਮੇਟੀ ਦੇ ਮੁਖੀ ਬਿੱਲੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਵਲੋਂ ਬਣਾਈ ਉੱਚ-ਪੱਧਰੀ ਕਮੇਟੀ ਦੀਆਂ ਤਜ਼ਵੀਜਾਂ ਰੱਦ ਕਰ ਦਿੱਤੀਆਂ ਸਨ।
ਉਨ੍ਹਾਂ ਕਿਹਾ, “ਪੰਜਾਬੀ ਲੇਨ ਇਲਾਕੇ ਦੇ ਵਸ਼ਿੰਦਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲੱਭਣ ਲਈ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਪੰਚਾਇਤ, ਸ਼ਹਿਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬੀ ਲੇਨ ਇਲਾਕੇ ਦੇ ਵਸ਼ਿੰਦਿਆਂ ਨੂੰ ਕਮੇਟੀ ਵਲੋਂ ਪੇਸ਼ ਕੀਤੀ ਗਈ ਥਾਂ ਤਬਦੀਲੀ ਦੀ ਤਜ਼ਵੀਜ ਪ੍ਰਵਾਨ ਨਹੀਂ ਹੈ।”
Related Topics: Shillong Violence Against Sikhs